5 ਅਗਸਤ 2024 : ਰਾਜਿਆਂ ਮਹਾਰਾਜਿਆਂ ਦੇ ਘਰ ਜਦੋਂ ਕੋਈ ਕਿਸੇ ਜਮਾਂਦਰੂ ਵਿਗਾੜ ਜਾਂ ਜਿਨਸੀ ਨੁਕਸ ਵਾਲੇ ਬੱਚੇ ਦਾ ਜਨਮ ਹੁੰਦਾ ਸੀ ਤਾਂ ਉਸ ਨੂੰ ਕਿਸੇ ਦੇਵਤੇ ਜਾਂ ਦੇਵੀ ਦਾ ਰੂਪ ਦੱਸ ਕੇ ਉਸ ਨੂੰ ਪੂਜਣ-ਯੋਗ ਬਣਾ ਦਿੱਤਾ ਜਾਂਦਾ ਸੀ। ਜੇ ਅਜਿਹਾ ਨੁਕਸ ਜਨਮ ਵੇਲੇ ਉਜਾਗਰ ਨਾ ਹੋ ਕੇ ਬਾਅਦ ਵਿਚ ਪ੍ਰਗਟ ਹੋਵੇ ਤਾਂ ਉਸ ਨੂੰ ਰੱਬੀ ਰੂਪ ਦੇਣ ਲਈ ਕੋਈ ਨਾ ਕੋਈ ਕਹਾਣੀ ਪ੍ਰਚਲਿਤ ਕਰ ਦਿੱਤੀ ਜਾਂਦੀ ਸੀ ਜਿਸ ਨੂੰ ਜਨਤਾ ਰੱਬੀ-ਹੁਕਮ ਸਮਝ ਕੇ ਪਰਵਾਨ ਕਰ ਲੈਂਦੀ ਸੀ।

ਰਾਜਿਆਂ ਮਹਾਰਾਜਿਆਂ ਦੇ ਘਰ ਜਦੋਂ ਕੋਈ ਕਿਸੇ ਜਮਾਂਦਰੂ ਵਿਗਾੜ ਜਾਂ ਜਿਨਸੀ ਨੁਕਸ ਵਾਲੇ ਬੱਚੇ ਦਾ ਜਨਮ ਹੁੰਦਾ ਸੀ ਤਾਂ ਉਸ ਨੂੰ ਕਿਸੇ ਦੇਵਤੇ ਜਾਂ ਦੇਵੀ ਦਾ ਰੂਪ ਦੱਸ ਕੇ ਉਸ ਨੂੰ ਪੂਜਣ-ਯੋਗ ਬਣਾ ਦਿੱਤਾ ਜਾਂਦਾ ਸੀ। ਜੇ ਅਜਿਹਾ ਨੁਕਸ ਜਨਮ ਵੇਲੇ ਉਜਾਗਰ ਨਾ ਹੋ ਕੇ ਬਾਅਦ ਵਿਚ ਪ੍ਰਗਟ ਹੋਵੇ ਤਾਂ ਉਸ ਨੂੰ ਰੱਬੀ ਰੂਪ ਦੇਣ ਲਈ ਕੋਈ ਨਾ ਕੋਈ ਕਹਾਣੀ ਪ੍ਰਚਲਿਤ ਕਰ ਦਿੱਤੀ ਜਾਂਦੀ ਸੀ ਜਿਸ ਨੂੰ ਜਨਤਾ ਰੱਬੀ-ਹੁਕਮ ਸਮਝ ਕੇ ਪਰਵਾਨ ਕਰ ਲੈਂਦੀ ਸੀ। ਕੁਝ ਇਹੋ ਜਿਹੀ ਹੀ ਕਹਾਣੀ ਹੈ ਯੂਨਾਨ ਦੇ ਦੇਵਤਾ ‘ਹਰਮੈਫ਼ਰੋਡਾਈਟੱਸ’ (Hermaphroditus) ਦੀ।

ਯੂਨਾਨ ਦੇ ਮਿਥਿਹਾਸ ਮੁਤਾਬਕ ਹਰਮੈਫਰੋਡਾਈਟ, ਰੱਬਾਂ ਦੇ ਏਲਚੀ ‘ਹਰਮੀਸ’ (Hermes) ਅਤੇ ਹੁਸਨ ਤੇ ਪਿਆਰ ਦੀ ਦੇਵੀ ‘ਐਫਰੋਡਾਈਟ’ (Aphrodite) ਦੀ ਔਂਲਾਦ ਸੀ। ਉਹ ਅਸਧਾਰਨ ਤੌਰ ’ਤੇ ਖ਼ੂਬਸੂਰਤ ਸੀ। ਇਹ ਜਦੋਂ ਜਵਾਨ ਹੋਇਆ ਤਾਂ ਇਕ ਦਿਨ ਉਹ ‘ਕੇਰੀ’ (Carie) ਦੀ ਝੀਲ ਵਿਚ ਨਹਾਉਣ ਗਿਆ। ਏਨੇ ਸੋਹਣੇ ਗੱਭਰੂ ਨੂੰ ਵੇਖ ਕੇ ਉਸ ਝੀਲ ਵਿਚ ਤੇ ਉਸ ਦੇ ਕਿਨਾਰੇ ਦਰੱਖ਼ਤਾਂ ਵਿਚ ਰਹਿਣ ਵਾਲੀ ਇਕ ਜਲ-ਦੇਵੀ,‘ਸੈਲਮਾਸਿੱਸ’ ਇਸ ਉੱਪਰ ਫਿਦਾ ਹੋ ਗਈ। ਇਸ ਜਲ-ਦੇਵੀ ਨੇ ਉਸ ਜਵਾਨ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਸ ਜਵਾਨ ਨੇ ਠੁਕਰਾ ਦਿੱਤਾ। ਬਾਅਦ ਵਿਚ ਜਦੋਂ ਇਹ ਜਵਾਨ ‘ਹਰਮੈਫਰੋਡਾਈਟ’ ਝੀਲ ਵਿਚ ਨਹਾਉਣ ਲੱਗ ਪਿਆ ਤਾਂ ਇਸ ਜਲ-ਦੇਵੀ ਨੇ ਉਹ ਨੂੰ ਝੀਲ ਹੇਠਾਂ ਲਿਜਾ ਕੇ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਆਪਣੇ ਰੱਬਾਂ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਨ੍ਹਾਂ ਦੋਹਾਂ ਨੂੰ ਹਮੇਸ਼ਾ ਲਈ ਇਕ ਬਣਾ ਦੇਣ। ਰੱਬਾਂ ਨੇ ਉਸ ਜਲ-ਪਰੀ ਦੀ ਪ੍ਰਾਰਥਾਨਾ ਸਵੀਕਾਰ ਕਰ ਲਈ ਤੇ ਦੋਹਾਂ ਦੇ ਸਰੀਰਾਂ ਨੂੰ ਇਕ ਸਰੀਰ ਵਿਚ ਇਕੱਠਾ ਕਰ ਦਿੱਤਾ ਤੇ ਜਵਾਨ ‘ਹਰਮੈਫਰੋਡਾਈਟ’ ਤੋਂ ਦੇਵਤਾ ‘ਹਰਮੈਫ਼ਰੋਡਾਈਟੱਸ’ ਬਣ ਗਿਆ। ਇਸ ਨਵੇਂ ਦੇਵਤੇ ਦੇ ਗੁਪਤ ਅੰਗ ਤਾਂ ਮਰਦਾਂ ਵਾਲੇ ਰਹਿ ਗਏ ਪਰ ਛਾਤੀ ਔਰਤਾਂ ਵਾਲੀ ਬਣ ਗਈ। ‘ਸੈਲਮਾਸਿੱਸ’ ਦੀ ਫ਼ਰਿਆਦ ਉੱਪਰ ਰੱਬਾਂ ਨੇ ਇਹ ਵੀ ਵਰ ਦਿੱਤਾ ਕਿ ਜੋ ਵੀ ਮਰਦ ਇਸ ਝੀਲ ਵਿਚ ਨਹਾਏਗਾ ਉਸ ਦੀ ਮਰਦਾਨਗੀ ਖ਼ਤਮ ਹੋ ਜਾਵੇਗੀ। ‘ਹਰਮੈਫ਼ਰੋਡਾਈਟੱਸ’ ਦੇ ਹਜ਼ਾਰਾਂ ਸਾਲ ਪੁਰਾਣੇ ਅਨੇਕਾਂ ਤਰ੍ਹਾਂ ਦੇ ਬੁੱਤ ਤੇ ਕੰਧ-ਚਿੱਤਰ ਯੂਰਪ ਦੇ ਬਹੁਤੇ ਮੁਲਕਾਂ ਅੰਦਰ ਉਨ੍ਹਾਂ ਦੇ ਅਜਾਇਬਘਰਾਂ ਦੀ ਸ਼ੋਭਾ ਵਧਾ ਰਹੇ ਹਨ। ਸਾਇੰਸਦਾਨਾਂ ਦੇ ਕਿਆਸ ਮੁਤਾਬਕ ‘ਹਰਮੈਫ਼ਰੋਡਾਈਟੱਸ’ ਦੇਵਤਾ ਅਸਲ ਵਿਚ ਇਕ ਜਮਾਂਦਰੂ ਜਿਨਸੀ ਰੋਗ ਤੋਂ ਪੀੜਤ ਵਿਅਕਤੀ ਸੀ ਜਿਸ ਦੇ ਰੋਗੀ ਮਰਦਾਂ ਦੇ ਗੁਪਤ ਅੰਗ ਤਾਂ ਭਾਵੇਂ ਮਰਦਾਂ ਵਾਲੇ ਹੀ ਹੁੰਦੇ ਹਨ ਪਰ ਉਹ ਜਵਾਨ ਹੋਣ ਉੱਪਰ ਖੋਦੇ ਰਹਿੰਦੇ ਹਨ ਤੇ ਉਨ੍ਹਾਂ ਦੀਆਂ ਛਾਤੀਆਂ ਔਰਤਾਂ ਵਰਗੀਆਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਇਹ ਬੇ-ਔਲਾਦ ਹੀ ਰਹਿੰਦੇ ਹਨ।ਮਸ਼ਹੂਰ ਬਾਦਸ਼ਾਹ ‘ਤੂਤਨਖਾਮੁੰਨ’

ਹਰਮੈਫ਼ਰੋਡਾਈਟੱਸ ਵਾਂਗ, ਔਰਤਾਂ ਦੀਆਂ ਛਾਤੀਆਂ ਵਾਲੇ ਮਰਦਾਂ ਵਿਚ ਮਿਸਰ ਦੇ ਮਸ਼ਹੂਰ ਬਾਦਸ਼ਾਹ (ਫਿਰਔਕ Pharaoh), ‘ਤੂਤਨਖਾਮੁੰਨ’ (Tutankhamun) ਦਾ ਨਾਂ ਵੀ ਆਉਂਦਾ ਹੈ ਜੋ ਈਸਵੀ-ਪੂਰਬ ਸੰਨ 1341-1323 ਸਾਲ ਪਹਿਲਾਂ ਹੋਇਆ ਸੀ। ਇਸ ਬਾਦਸ਼ਾਹ ਦੇ ਮਿਸਰ ਵਿਚ ਬਹੁਤ ਮਸ਼ਹੂਰ ਪਿਰਾਮਿੱਡ ਹਨ। ਇਸ ਬਾਦਸ਼ਾਹ ਦੇ ਉਸ ਵੇਲੇ ਦੇ ਬਣੇ ਹੋਏ ਕੰਧ-ਚਿੱਤਰਾਂ ਤੇ ਬੁੱਤਾਂ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸ ਬਾਦਸ਼ਾਹ ਦੀ ਛਾਤੀ ਔਰਤਾਂ ਵਰਗੀ ਸੀ ਤੇ ਉਸ ਦੀ ਔਲਾਦ ਵੀ ਕੋਈ ਨਹੀਂ ਸੀ। 2010 ਤਕ ਇਹ ਮੰਨਿਆ ਜਾਂਦਾ ਸੀ ਕਿ ‘ਤੂਤਨਖ਼ਾਮੁੰਨ’ ਵੀ ‘ਹਰਮੈਫ਼ਰੋਡਾਈਟੱਸ’ ਵਾਲੇ ਜਮਾਂਦਰੂ ਜਿਨਸੀ ਰੋਗ ਤੋਂ ਹੀ ਪ੍ਰਭਾਵਿਤ ਸੀ। ਪਰ 2010 ਵਿਚ ‘ਤੂਤਨਖ਼ਾਮੁੰਨ’ ਦੀ ‘ਮੰਮੀ’ ਉੱਪਰ ਕੀਤੇ ਗਏ ਨਵੇਂ ਜਨੈਟਿਕ ਵਿਸ਼ਲੇਸ਼ਣਾਂ, ਜਿਨ੍ਹਾਂ ਵਿਚ DNA ਦੇ ਟੈਸਟ ਵੀ ਸਨ, ਨੇ ਇਨ੍ਹਾਂ ਧਾਰਨਾਵਾਂ ਨੂੰ ਨਕਾਰਦਿਆਂ ਹੋਇਆਂ ‘ਤੂਤਨਖ਼ਾਮੰੁਨ’ ਨੂੰ ‘ਹਰਮੈਫ਼ਰੋਡਾਈਟੱਸ’ ਤੋਂ ਅਲੱਗ ਕਿਸੇ ਹੋਰ ਜਿਨਸੀ ਰੋਗ ਤੋਂ ਪ੍ਰਭਾਵਿਤ ਦੱਸਿਆ।

ਕਿਵੇਂ ਤੇ ਕਿਉਂ ਹੁੰਦਾ ਹੈ ਕਲਾਈਨਫ਼ੈਲਟਰ ਸਿੰਡਰੋਮ

ਇਹ ਜਿਨਸੀ ਰੋਗ ‘ਕਲਾਈਨਫ਼ੈਲਟਰ ਸਿੰਡਰੋਮ’ ਕੀ ਹੁੰਦਾ ਹੈ? ਕਿਵੇਂ ਤੇ ਕਿਉਂ ਹੁੰਦਾ ਹੈ? ਇਹ ਇਕ ਜਮਾਂਦਰੂ ਅਣੁਵੰਸ਼ਕ ਵਿਗਾੜ ਹੈ ਜਿਸ ਤੋਂ ਪ੍ਰਭਾਵਤ ਬੱਚੇ ਵਿਚ ਜਵਾਨੀ ਵੇਲੇ ਕਈ ਖ਼ਾਸ ਲੱਛਣ ਉਜਾਗਰ ਹੋ ਜਾਂਦੇ ਹਨ।

ਰੋਗ ਦਾ ਲੱਛਣ

ਇਹ ਰੋਗ ਸਿਰਫ਼ ਮਰਦਾਂ ਵਿਚ ਹੀ ਹੁੰਦਾ ਹੈ ਤੇ ਇਸ ਦੇ ਲੱਛਣ ਜੁਆਨੀ ਚੜ੍ਹਨ ਵੇਲੇ ਹੀ ਦਿਸਣੇ ਸ਼ੁਰੂ ਹੁੰਦੇ ਹਨ। ਇਸ ਰੋਗ ਵਾਲੇ ਜੁਆਨਾਂ ਦੀਆਂ ਸ਼ਕਲਾਂ ਕਿਸੇ ਹੱਦ ਤਕ ਖੁਸਰਿਆਂ ਵਰਗੀਆਂ ਹੋ ਜਾਂਦੀਆਂ ਹਨ। ਇਨ੍ਹਾਂ ਦੀਆਂ ਲੱਤਾਂ ਆਮ ਨਾਲੋਂ ਲੰਬੀਆਂ ਹੁੰਦੀਆਂ ਹਨ। ਆਵਾਜ਼ ਔਰਤਾਂ ਵਰਗੀ ਪਤਲੀ ਹੁੰਦੀ ਹੈ ਤੇ ਛਾਤੀ ਵੀ ਔਰਤਾਂ ਵਾਂਗ ਵਧੀ ਹੋਈ ਹੁੰਦੀ ਹੈ। ਇਨ੍ਹਾਂ ਦੇ ਸਰੀਰ ਉੱਤੇ ਚਰਬੀ ਤੇ ਵਾਲ ਵੀ ਔਰਤਾਂ ਵਾਂਗ ਹੀ ਹੁੰਦੇ ਹਨ। ਇਹ ਮਰਦ ਬਾਂਝ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਇੰਦਰੀਆਂ ਤੇ ਪਤਾਲੂ ਵੀ ਛੋਟੇ ਹੁੰਦੇ ਹਨ। ਇਨ੍ਹਾਂ ਦੀ ਮਾਨਸਿਕ ਸਮਰੱਥਾ ਵੀ ਆਮ ਪੁਰਸ਼ਾਂ ਤੋਂ ਘੱਟ ਹੁੰਦੀ ਹੈ ਤੇ ਕਈ ਹਾਲਤਾਂ ਵਿਚ ਤਾਂ ਇਹ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਇਹ ਜ਼ਰੂਰੀ ਨਹੀਂ ਕਿ ਕਲਾਈਨਫ਼ੈਲਟਰ ਸਿੰਡਰੋਮ ਤੋਂ ਪੀੜਿਤ ਹਰ ਵਿਅਕਤੀ ਇਸ ਦੇ ਸਾਰੇ ਲੱਛਣ ਨਸ਼ਰ ਕਰੇ। ਇਨ੍ਹਾਂ ਵਿਚ ਬਹੁਤ ਵਿਭਿਨਤਾ ਹੁੰਦੀ ਹੈ। ਬਹੁਤੀ ਵਾਰ ਇਸ ਰੋਗ ਤੋਂ ਪੀੜਿਤ ਜਵਾਨ ਡਾਕਟਰਾਂ ਕੋਲ ਆਪਣੇ ਖੋਦੇਪਣ ਦੇ ਇਲਾਜ ਲਈ ਆਉਂਦੇ ਹਨ ਜਾਂ ਵਿਆਹ ਤੋਂ ਬਾਅਦ ਔਲਾਦ ਨਾਂਹ ਹੋਣ ਕਰਕੇ। ਇਸ ਰੋਗ ਤੋਂ ਪ੍ਰਭਾਵਿਤ ਰੋਗੀਆਂ ਨੂੰ ਇਕ ਵਿਲੱਖਣਤਾ ਵਿਗਾੜ ਦਾ ਦਰਜਾ ਸਭ ਤੋਂ ਪਹਿਲਾਂ 1942 ਵਿਚ ਅਮਰੀਕਾ ਦੇ ਸ਼ਹਿਰ ਬੌਸਟੱਨ ਦੇ ਇਕ ਹਸਪਤਾਲ ਵਿਚਲੇ ਡਾਕਟਰ, ‘ਹੈਰੀ ਕਲਾਈਨਫ਼ੈਲਟਰ’ ਨੇ ਵਿਆਖਿਆ ਕੀਤਾ ਸੀ ਤੇ ਹੁਣ ਇਹ ਵਿਗਾੜ ਉਸ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ।

ਰੋਗ ਦੀ ਜੜ੍ਹ

ਮਨੁੱਖੀ ਸਰੀਰ ਕਰੋੜਾਂ ਹੀ ਛੋਟੇ-ਛੋਟੇ ਸੈੱਲਾਂ ਦਾ ਬਣਿਆ ਹੁੰਦਾ ਹੈ ਅਤੇ ਹਰੇਕ ਸੈੱਲ ਵਿਚ 46 ਕ੍ਰੋਮੋਸੋਮ ਹੁੰਦੇ ਹਨ। ਕ੍ਰੋਮੋਸੋਮ ਧਾਗਿਆਂ ਵਰਗੇ ਨਿੱਕੇ-ਨਿੱਕੇ ਅੰਸ਼ ਹੁੰਦੇ ਹਨ। ਇਨ੍ਹਾਂ ਵਿਚ ਮਨੁੱਖੀ ਸਰੀਰ ਬਾਰੇ ਸਾਰੀ ਜਾਣਕਾਰੀ ਭਰੀ ਹੁੰਦੀ ਹੈ। ਇਹੀ ਕ੍ਰੋਮੋਸੋਮ ਗਰਭ ਦੇ ਸ਼ੁਰੂ ਹੋਣ ਤੋਂ ਲੈ ਕੇ ਮਨੁੱਖ ਦੇ ਮਰਨ ਤਕ, ਸੈੱਲਾਂ ਤੇ ਸਰੀਰ ਦੇ ਹੋਰ ਸਾਰੇ ਕਾਰਜਾਂ ਦਾ ਪ੍ਰਬੰਧ ਤੋਰਦੇ ਹਨ। ਸਾਧਾਰਨ ਮਨੁੱਖ ਦੇ ਹਰ ਸੈੱਲ ਵਿਚ ਮੌਜੂਦ 46 ਕਰੋਮੋਸੋਮਾਂ ਵਿੱਚੋਂ ਦੋ ਕਰੋਮੋਸੋਮ ਲਿੰਗ ਨਿਰਧਾਿਰਤ ਕਰਨ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਐਕਸ (X) ਤੇ ਵਾਈ (Y) ਕਿਹਾ ਜਾਂਦਾ ਹੈ। ਇਨ੍ਹਾਂ ਦੋ ਲਿੰਗ ਨਿਰਧਾਿਰਤ ਕਰਨ ਵਾਲੇ ਕਰੋਮੋਸੋਮਾਂ ਵਿੱਚੋਂ, ਔਰਤਾਂ ਦੇ ਸੈੱਲਾਂ ਵਿਚ ਦੋ ਐਕਸ (XX) ਤੇ ਮਰਦਾਂ ਦੇ ਸੈੱਲਾਂ ਵਿਚ ਇਕ ਐਕਸ ਤੇ ਇਕ ਵਾਈ (XY) ਕਰੋਮੋਸੋਮ ਹੁੰਦੇ ਹਨ। ਗਰਭ ਸ਼ੁਰੂ ਹੋਣ ਵੇਲੇ ਬੱਚੇ ਨੂੰ 46 ਕਰੋਮੋਸੋਮਾਂ ਵਿੱਚੋਂ 23 ਮਾਤਾ ਵੱਲੋਂ ਤੇ 23 ਪਿਤਾ ਵੱਲੋਂ ਮਿਲਦੇ ਹਨ। ਪਰ ਕਈ ਵਾਰੀ ਬੱਚੇ ਦੇ ਸੈੱਲਾਂ ਵਿਚ 46 ਦੀ ਥਾਂ 47 ਕਰੋਮੋਸੋਮ ਆ ਜਾਂਦੇ ਹਨ। ਜੇ ਇਨ੍ਹਾਂ 47 ਕਰੋਮੋਸੋਮਾਂ ਿਵਚ ਦੋ ਐਕਸ (XX) ਤੇ ਇਕ ਵਾਈ (Y) ਕਰੋਮੋਸੋਮ ਹੋਵੇ ਤਾਂ ਇਹੀ ਲਿੰਗ ਨਿਰਧਾਰਿਤ ਕਰਨ ਵਾਲੇ ਕਰੋਮੋਸੋਮ ਦੀ ਵਾਧੂ ਹੋਂਦ ਇਸ ਰੋਗ ਦਾ ਕਾਰਨ ਬਣਦੀ ਹੈ। ਇਸ ਕਾਰਨ ਦੀ ਖੋਜ 1959 ਵਿਚ ਸਕਾਟਲੈਂਡ ਦੇ ਦੋ ਡਾਕਟਰਾਂ, ਪੈਟਰੀਸੀਆ ਜੈਕੋਬਜ਼ ਅਤੇ ਜੌਹਨ ਸਟਰੌਂਗ ਨੇ ਕੀਤੀ ਸੀ।

ਰੋਗ ਦਾ ਇਲਾਜ

ਜੇ ਇਸ ਰੋਗ ਦਾ ਜਲਦੀ ਪਤਾ ਲੱਗ ਜਾਵੇ, ਜੋ ਲੱਗ ਸਕਦਾ ਹੈ, ਤਾਂ ਹਾਰਮੋਨਾਂ ਦੀ ਸਹਾਇਤਾ ਨਾਲ ਜੁਆਨੀ ਵੇਲੇ ਮਰਦਾਂ ਵਿਚ ਉਘੜਨ ਵਾਲੇ ਇਸਤਰੀ-ਲੱਛਣਾਂ ਨੂੰ ਰੋਕਿਆ ਜਾ ਸਕਦਾ ਹੈ। ਵਧੀਆ ਹੋਈਆਂ ਛਾਤੀਆਂ ਨੂੰ ਸਰਜਰੀ ਰਾਹੀਂ ਘਟਾਇਆ ਜਾ ਸਕਦਾ ਹੈ ਅਤੇ ਰੋਗੀ ਤਕਰੀਬਨ ਸਧਾਰਨ ਜੀਵਨ ਬਤੀਤ ਕਰ ਸਕਦੇ ਹਨ। ਪਰ ਅਜੇ ਤੱਕ ਇਨ੍ਹਾਂ ਦੇ ਬਾਂਝਪਣ ਦਾ ਕੋਈ ਇਲਾਜ ਨਹੀਂ ਨਿਕਲਿਆ ਕਿਉਂਕਿ ਇਨ੍ਹਾਂ ਮਰਦਾਂ ਦੇ ਅੰਦਰ ਸ਼ਕਰਾਣੂ ਬਣਦੇ ਹੀ ਨਹੀਂ।

ਭਾਰਤੀ ਮਿਥਿਹਾਸ ਵਿਚ ਔਰਤ-ਮਰਦ ਦਾ ਮਿਲਾਪ

ਮੈਨੂੰ ਭਾਰਤੀ ਮਿਥਿਹਾਸ ਵਿਚ ਹਰਮੈਫ਼ਰੋਡਾਈਟੱਸ ਵਰਗੇ ਕਿਸੇ ਦੇਵੀ/ਦੇਵਤਾ ਦਾ ਜ਼ਿਕਰ ਨਹੀਂ ਮਿਲਿਆ। ਭਾਰਤੀ ਮਿਥਿਹਾਸ ਵਿਚ ਬਹੁਤੀ ਵਾਰ ਇੱਕੋਂ ਦੇਵਤੇ ਦਾ ਜ਼ਿਕਰ ਆਉਂਦਾ ਹੈ ਜਿਸ ਵਿਚ ਔਰਤ ਤੇ ਮਰਦ ਦੇ ਦੋਵੇਂ ਅੰਗ ਵਿਕਸਤ ਰੂਪ ਵਿਚ ਮੌਜੂਦ ਸਨ। ਉਸ ਨੂੰ ਭਗਵਾਨ ਸ਼ਿਵ ਦਾ ‘ਅਰਧਨਾਰੀਸ਼ਵਰਾ’ ਰੂਪ ਮੰਨਿਆ ਜਾਂਦਾ ਹੈ। ਅਰਧਨਾਰੀਸ਼ਵਰ ਦਾ ਮਤਲਬ ਹੀ : ‘ਅਰਧ’=‘ਅੱਧਾ’; ‘ਨਾਰੀ’=‘ਔਰਤ’; ਤੇ ‘ਈਸ਼ਵਰ’=‘ਰੱਬ’ – ਅੱਧੀ ਔਰਤ ਵਾਲਾ ਰੱਬ। ਇਹ ਮੰਨਿਆ ਜਾਂਦਾ ਹੈ ਕਿ ‘ਅਰਧਨਾਰੀਸ਼ਵਰਾ’ ਬਣਿਆ ਹੀ ਭਗਵਾਨ ਸ਼ਿਵ ਤੇ ਉਨ੍ਹਾਂ ਦੀ ਦੇਵੀ ਪਾਰਵਤੀ ਦੇ ਮਿਲਾਪ ਨਾਲ ਹੈ, ਜਿਸ ਵਿਚ ਸੱਜਾ ਪਾਸਾ ਮਰਦ (ਸ਼ਿਵ ਜੀ) ਵਾਲਾ ਤੇ ਖੱਬਾ ਪਾਸਾ ਔਰਤ (ਪਾਰਵਤੀ ਜੀ) ਵਾਲਾ ਹੈ। ਅਰਧਨਾਰੀਸ਼ਵਰਾ ਨੂੰ ਹੋਰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਕਿ,‘ਅਰਧਨਰਨਾਰੀ’, ‘ਅਰਧਨਾਰੀਸ਼’, ‘ਪਰਅੰਗਦਾ’, ਅਮਾਇਯੱਪੱਨ’ ਆਦਿ। ਇਸ ਨੂੰ ਸ਼ਿਵ ਜੀ ਦੇ 64 ਅਵਤਾਰਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ ਜਿਸ ਵਿਚ ਉਹ ਮਰਦ ਦੀ ਊਰਜਾ ਤੇ ਔਰਤ ਦੀ ਊਰਜਾ ਦਾ ਮਿਲਾਪ ਕਰਕੇ ਬ੍ਰਹਿਮੰਡੀ ਜਾਂ ਸ੍ਰਿਸ਼ਟੀ ਦੀ ਉਤਪਤੀ ਦੀ ਊਰਜਾ ਵਿਚ ਬਦਲ ਦੇਂਦੇ ਹਨ।

ਜਿਨਸੀ ਰੋਗ ਕਾਲੀਨਫ਼ੈਲਟਰ ਸਿੰਡਰੋਮ

ਹਰਮੈਫ਼ਰੋਡਾਈਟੱਸ ਜਿਸ ਜਿਨਸੀ ਰੋਗ ਤੋਂ ਪੀੜਤ ਸੀ ਉਸ ਜਮਾਂਦਰੂ ਵਿਗਾੜ ਨੂੰ ‘ਕਲਾਈਨਫ਼ੈਲਟਰ ਸਿੰਡਰੋਮ’ ਕਹਿੰਦੇ ਹਨ। 27 ਅਗਸਤ 2022 ਨੂੰ ਡਾਕਟਰੀ ਦੇ ਇਕ ਉੱਘੇ ਰਸਾਲੇ ‘ਲੈਂਸਟ’ ਵਿਚ ਛਪੇ ਇਕ ਲੇਖ ਮੁਤਾਬਕ ਸਾਇੰਸਦਾਨਾਂ ਨੇ ਉੱਤਰ-ਪੂਰਬੀ ਪੁਰਤਗਾਲ ਦੇ ‘ਟੈਰੋ ਵੇਲਹਾ’ ਇਲਾਕੇ ਵਿਚਲੀਆਂ ਮੱਧਕਾਲੀ-ਯੁੱਗ ਦੀਆਂ ਪੁਰਾਤੱਤਵ ਥਾਵਾਂ ਤੋਂ ਮਿਲੇ ਇਕ 1000 ਸਾਲ ਤੋਂ ਵੱਧ ਪੁਰਾਣੇ ਪਿੰਜਰ ਦਾ ਆਧੁਨਿਕ ਢੰਗ ਨਾਲ ਜਨੈਟਿਕ ਨਿਰੀਖਣ ਉਪਰੰਤ ਇਹ ਨਤੀਜਾ ਕੱਢਿਆ ਕਿ ਇਹ ਪਿੰਜਰ ਉਸ ਵਿਅਕਤੀ ਦਾ ਹੈ ਜੋ ‘ਕਾਲੀਨਫ਼ੈਲਟਰ ਸਿੰਡਰੋਮ’ ਦੇ ਰੋਗ ਤੋਂ ਪ੍ਰਭਾਵਿਤ ਸੀ। ਇਸ ਤਰ੍ਹਾਂ ਇਹ ਪਿੰਜਰ ਵਾਲਾ ਵਿਅਕਤੀ ਇਸ ਰੋਗ ਤੋਂ ਪੀੜਤ ਹੋਣ ਵਾਲਾ ਸਭ ਤੋਂ ਪੁਰਾਤਨ ਵਿਅਕਤੀ ਬਣ ਗਿਆ ਜਿਸ ਵਿਚ ਜਨੈਟਿਕ ਵਿਸ਼ਲੇਸ਼ਣ ਰਾਹੀਂ ਇਸ ਜਮਾਂਦਰੂ ਵਿਗਾੜ ‘ਕਲਾਈਨਫ਼ੈਲਟਰ ਸਿੰਡਰੋਮ’ ਦੀ ਮੌਜੂਦਗੀ ਸਾਬਿਤ ਹੋਈ ਹੋਵੇ।

ਰੋਗ ਦਾ ਪੁਸ਼ਟੀਕਰਨ ਤੇ ਜਨਮ ਤੋਂ ਪਹਿਲਾਂ ਪਛਾਣ

ਇਸ ਰੋਗ ਦਾ ਯਕੀਨੀ ਪੁਸ਼ਟੀਕਰਨ ਕਰੋਮੋਸੋਮਾਂ ਦੀ ਸ਼ਨਾਖ਼ਤ ਰਾਹੀਂ ਹੀ ਹੁੰਦਾ ਹੈ। ਇਸ ਲਈ ਜਿਨ੍ਹਾਂ ਬੱਚਿਆਂ ਵਿਚ ਇਸ ਰੋਗ ਦਾ ਸ਼ੱਕ ਪੈਂਦਾ ਹੋਵੇ, ਉਨ੍ਹਾਂ ਦੇ ਕਰੋਮੋਸੋਮਾਂ ਦੀ ਘੋਖ ਕਰਵਾਉਣੀ ਚਾਹੀਦੀ ਹੈ। ਕਰੋਮੋਸੋਮਾਂ ਦੀ ਘੋਖ ਖ਼ੂਨ ਨੂੰ ਟੈਸਟ ਕਰ ਕੇ ਕੀਤੀ ਜਾਂਦੀ ਹੈ। ਗਰਭ ਅਵਸਥਾ ਵਿਚ ਵੀ ਇਹ ਪਤਾ ਲਗ ਸਕਦਾ ਹੈ ਕਿ ਹੋਣ ਵਾਲਾ ਬੱਚਾ ਕਲਾਈਨਫ਼ੈਲਟ ਸਿੰਡਰੋਮ ਹੋਵੇਗਾ ਕਿ ਨਹੀਂ। ਪਰ ਅਲਟਰਾ ਸਾਊਂਡ ਰਾਹੀਂ ਇਹ ਯਕੀਨੀ ਤੌਰ ’ਤੇ ਨਹੀਂ ਕਿਹਾ ਜਾ ਸਕਦਾ। ਪੂਰਾ ਯਕੀਨੀ ਤੌਰ ’ਤੇ ਇਹ ਸਿਰਫ਼ ਭਰੂਣ ਦੇ ਕਰੋਮੋਸੋਮਾਂ ਦੀ ਘੋਖ ਰਾਹੀਂ ਹੀ ਦੱਸਿਆ ਜਾ ਸਕਦਾ ਹੈ। ਕਲਾਈਨਫ਼ੈਲਟਰ ਸਿੰਡਰੋਮ ਵਰਗੇ ਹੋਰ ਅਨੇਕਾਂ ਜਮਾਂਦਰੂ ਵਿਗਾੜਾਂ ਦੇ ਜਿਨਸੀ ਰੋਗਾਂ ਵਿਚ ਵਿਸ਼ੇਸ਼ਗ-ਮਾਹਿਰਾਂ ਦੀ ਸਲਾਹ ਲਾਹੇਵੰਦ ਹੁੰਦੀ ਹੈ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।