30 ਮਈ (ਪੰਜਾਬੀ ਖਬਰਨਾਮਾ):ਅੱਤ ਦੀ ਗਰਮੀ ਵਿਚਾਲੇ ਭਾਰਤੀ ਮੌਸਮ ਵਿਭਾਗ ਨੇ ਖੁਸ਼ਖਬਰੀ ਦਿੱਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ-ਪੱਛਮੀ ਮਾਨਸੂਨ ਵੀਰਵਾਰ (30 ਮਈ) ਨੂੰ ਕੇਰਲ ਵਿੱਚ ਦਾਖਲ ਹੋ ਗਿਆ ਹੈ।
ਮੌਨਸੂਨ ਹੁਣ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਗੇ ਵਧਣਾ ਸ਼ੁਰੂ ਹੋ ਗਿਆ ਹੈ। ਚੱਕਰਵਾਤੀ ਤੂਫਾਨ ਰੇਮਲ ਕਾਰਨ ਉੱਤਰ-ਪੂਰਬੀ ਭਾਰਤ ਵਿੱਚ ਪਹਿਲਾਂ ਹੀ ਮੀਂਹ ਪੈ ਰਿਹਾ ਹੈ, ਜੋ ਮਾਨਸੂਨ ਦੇ ਆਉਣ ਨਾਲ ਵਧਣ ਵਾਲਾ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ-ਪੱਛਮੀ ਮੌਨਸੂਨ ਕੇਰਲ ’ਚ ਪਹੁੰਚ ਗਿਆ ਹੈ ਤੇ ਇਹ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵੱਲ ਵੱਧ ਗਿਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਤੋਂ ਇੱਕ ਦਿਨ ਪਹਿਲਾਂ ਮੌਨਸੂਨ ਭਾਰਤ ਪੁੱਜਿਆ ਹੈ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿੱਚ ਆਏ ਚੱਕਰਵਾਤ ਨੇ ਮੌਨਸੂਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਤੇ ਇਹ ਤੈਅ ਸਮੇਂ ਤੋਂ ਪਹਿਲਾਂ ਭਾਰਤ ਪੁੱਜ ਗਿਆ। ਦੱਖਣੀ-ਪੱਛਮੀ ਮੌਨਸੂਨ ਕੇਰਲ ਵਿਚ ਦਾਖਲ ਹੋ ਗਿਆ ਹੈ ਅਤੇ ਅੱਜ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ (Monsoon in India) ਵਿੱਚ ਅੱਗੇ ਵਧਿਆ ਹੈ।
ਇਧਰ, ਭਾਰਤ ਦੇ ਮੌਸਮ ਵਿਭਾਗ ਦੇ ਸਾਬਕਾ ਡੀਜੀਐਮ ਡਾ. ਕੇਜੇ ਰਮੇਸ਼ ਨੇ News18hindi ਨੂੰ ਦੱਸਿਆ ਕਿ ਅਗਲੇ 3-4 ਦਿਨਾਂ ਵਿਚ ਜੰਮੂ-ਕਸ਼ਮੀਰ ਵਿਚ ਹਲਕੀ ਪੱਛਮੀ ਗੜਬੜੀ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਇਸ ਕਹਿਰ ਦੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਇਸ ਕਾਰਨ ਖਾਸ ਤੌਰ ਉਤੇ ਉੱਤਰੀ ਭਾਰਤ ਦੇ ਰਾਜਾਂ ਹਰਿਆਣਾ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ‘ਚ ਮੌਸਮ ਠੰਢਾ ਰਹੇਗਾ ਪਰ ਰਾਜਸਥਾਨ ‘ਚ ਖਾਸ ਕਰਕੇ ਪੱਛਮੀ ਰਾਜਸਥਾਨ ਵਿਚ ਰਾਹਤ ਦੀ ਉਮੀਦ ਨਹੀਂ ਹੈ।
ਰਮੇਸ਼ ਦਾ ਕਹਿਣਾ ਹੈ ਕਿ ਦਿੱਲੀ-ਐਨਸੀਆਰ ਤੋਂ ਇਲਾਵਾ ਕਈ ਰਾਜਾਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਚਲਾ ਗਿਆ ਹੈ। ਹਾਲਾਂਕਿ ਹੁਣ ਕੁਝ ਦਿਨਾਂ ਤੱਕ ਤਾਪਮਾਨ ਇਸ ਤੋਂ ਅੱਗੇ ਵਧਣ ਦੀ ਸੰਭਾਵਨਾ ਘੱਟ ਹੈ। ਮਾਨਸੂਨ ਦੇ ਆਉਣ ਤੋਂ ਪਹਿਲਾਂ ਪੱਛਮੀ ਗੜਬੜੀ ਅਤੇ ਧੂੜ ਭਰੀ ਹਨੇਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ। ਹਾਲਾਂਕਿ ਇਹ ਗਿਰਾਵਟ ਜ਼ਿਆਦਾ ਨਹੀਂ ਹੋਵੇਗੀ। ਤਾਪਮਾਨ 42-43 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਪਰ ਅੱਤ ਦੀ ਗਰਮੀ ਤੋਂ ਰਾਹਤ ਮਿਲੇਗੀ।