17 ਸਤੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਵੰਨ-ਸੁਵੰਨਤਾ, ਕੱਦ ਬੁੱਤ, ਸਮਰੱਥਾ, ਸੰਭਾਵਨਾ ਦੇ ਨਾਲ ਕਾਰਗੁਜ਼ਾਰੀ ਪੱਖੋਂ ਨਿਵੇਕਲਾ ਹੈ ਤੇ ਕੁੱਲ ਆਲਮ ਦਾ ਮੰਨਣਾ ਹੈ ਕਿ 21ਵੀਂ ਸਦੀ ਵਿਚ ਭਾਰਤ ਸਰਵੋਤਮ ਦਾਅ ਹੈ। ਗਾਂਧੀਨਗਰ ਵਿਚ ਚੌਥੇ ਗਲੋਬਲ ਰੈਨਿਊਏਬਲ ਐਨਰਜੀ ਇਨਵੈਸਟਰਜ਼ ਮੀਟ ਤੇ ਐਕਸਪੋ (ਰੀ-ਇਨਵੈਸਟ 2024) ਵਿਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ 21ਵੀਂ ਸਦੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਭਾਰਤ ਦੇ ਸੌਰ ਊਰਜਾ ਇਨਕਲਾਬ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿਚ ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਹਰੇਕ ਸੈਕਟਰ ਤੇ ਪੱਖ ਨੂੰ ਮੁਖਾਤਬ ਹੋਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਅਗਲੇ 1000 ਸਾਲਾਂ ਦੇ ਵਿਕਾਸ ਲਈ ਨੀਂਹ ਤਿਆਰ ਕਰ ਰਿਹਾ ਹੈ ਤੇ ਸਾਰਾ ਧਿਆਨ ਨਾ ਸਿਰਫ਼ ਸਿਖਰ ’ਤੇ ਰਹਿਣ ਵੱਲ ਬਲਕਿ ਇਸ ਦਰਜਾਬੰਦੀ ਨੂੰ ਬਰਕਰਾਰ ਰੱਖਣ ’ਤੇ ਵੀ ਹੈ। ਪਹਿਲੇ 100 ਦਿਨਾਂ ਵਿਚ ਤੁਸੀਂ ਸਾਡੀਆਂ ਤਰਜੀਹਾਂ, ਰਫ਼ਤਾਰ ਤੇ ਪੱਧਰ ਨੂੰ ਦੇਖ ਸਕਦੇ ਹੋ।’’ ਉਨ੍ਹਾਂ ਕਿਹਾ ਕਿ ਭਾਰਤ 2047 ਤੱਕ ਵਿਕਸਤ ਮੁਲਕ ਬਣਨ ਲਈ ਆਪਣੀਆਂ ਊਰਜਾ ਲੋੜਾਂ ਨੂੰ ਜਾਣਦਾ ਹੈ ਅਤੇ ਕਿਉਂ ਜੋ ਭਾਰਤ ਕੋਲ ਆਪਣੇ ਤੇਲ ਤੇ ਗੈਸ ਦੇ ਵਸੀਲੇ ਨਹੀਂ ਹਨ ਤੇ ਨਾ ਹੀ ਊਰਜਾ ’ਤੇ ਨਿਰਭਰ ਹੈ, ਲਿਹਾਜ਼ਾ ਇਸ ਨੇ ਸੌਰ, ਹਵਾ, ਪ੍ਰਮਾਣੂ ਤੇ ਪਣਬਿਜਲੀ ਊਰਜਾ ਦੀ ਤਾਕਤ ਦੇ ਸਿਰ ’ਤੇ ਆਪਣਾ ਭਵਿੱਖ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਗ੍ਰੀਨ ਊਰਜ ਸੈਕਟਰ ਵਿਚ ਕਈ ਵੱਡੇ ਫੈਸਲੇ ਲਏ ਹਨ। ਭਾਰਤ ਦੇ 140 ਕਰੋੜ ਲੋਕ ਦੇਸ਼ ਨੂੰ ਸਿਖਰਲੇ ਤਿੰਨ ਅਰਥਚਾਰਿਆਂ ਵਿਚ ਸ਼ਾਮਲ ਕਰਨ ਦੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਜੀ20 ਮੁਲਕਾਂ ਵਿਚੋਂ ਪਹਿਲਾ ਦੇਸ਼ ਹੈ ਜਿਸ ਨੇ ਨੌਂ ਸਾਲ ਪਹਿਲਾਂ ਪੈਰਿਸ ਵਿਚ ਵਾਤਾਵਰਨ ਨੂੰ ਲੈ ਕੇ ਤੈਅ ਕੀਤੀਆਂ ਵਚਨਬੱਧਤਾਵਾਂ ਨੂੰ ਮਿੱਥੀ ਮਿਆਦ ਨਾਲੋਂ ਪਹਿਲਾਂ ਪੂਰਾ ਕੀਤਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।