ਨਵੀਂ ਦਿੱਲੀ, 16 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਗੋਆ ਦੇ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਦੇ ਮੁਲਜ਼ਮ ਲੂਥਰਾ ਬ੍ਰਦਰਜ਼ ਜਲਦੀ ਹੀ ਭਾਰਤ ਪਹੁੰਚ ਜਾਣਗੇ। ਥਾਈਲੈਂਡ ਵਿੱਚ ਉਨ੍ਹਾਂ ਦੇ ਹਵਾਲਗੀ (Extradition) ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਥਾਈਲੈਂਡ ਨੇ ਲੂਥਰਾ ਬ੍ਰਦਰਜ਼ ਨੂੰ ਭਾਰਤ ਹਵਾਲੇ ਕਰ ਦਿੱਤਾ ਹੈ। ਸੀਬੀਆਈ ਦੀ ਟੀਮ ਉਨ੍ਹਾਂ ਨੂੰ ਲੈ ਕੇ ਫਲਾਈਟ ਰਾਹੀਂ ਵਾਪਸ ਆ ਰਹੀ ਹੈ।
6 ਦਸੰਬਰ ਦੀ ਰਾਤ ਨੂੰ ਗੋਆ ਦੇ ਅਰਪੋਰਾ ਸਥਿਤ ਨਾਈਟ ਕਲੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ ਸਨ। ਇਸ ਅਗਨੀਕਾਂਡ ਵਿੱਚ 5 ਸੈਲਾਨੀਆਂ ਸਮੇਤ 25 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਦੌਰਾਨ ਲੂਥਰਾ ਬ੍ਰਦਰਜ਼ ਦਿੱਲੀ ਵਿੱਚ ਸਨ ਅਤੇ ਘਟਨਾ ਤੋਂ ਤੁਰੰਤ ਬਾਅਦ ਉਹ ਦਿੱਲੀ ਤੋਂ ਥਾਈਲੈਂਡ ਭੱਜ ਗਏ ਸਨ।
ਬੈਂਕਾਕ ਏਅਰਪੋਰਟ ਤੋਂ ਵੀਡੀਓ ਆਇਆ ਸਾਹਮਣੇ
ਥਾਈਲੈਂਡ ਦੇ ਬੈਂਕਾਕ ਏਅਰਪੋਰਟ ਤੋਂ ਲੂਥਰਾ ਬ੍ਰਦਰਜ਼ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇੰਟਰਪੋਲ ਅਤੇ ਭਾਰਤੀ ਹਾਈ ਕਮਿਸ਼ਨ ਦੀ ਮਦਦ ਨਾਲ ਗੌਰਵ ਲੂਥਰਾ ਅਤੇ ਸੌਰਭ ਲੂਥਰਾ ਦੀ ਹਵਾਲਗੀ ਕਰਵਾਈ ਗਈ ਹੈ। ਸੀਬੀਆਈ ਦੋਵਾਂ ਮੁਲਜ਼ਮਾਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋ ਗਈ ਹੈ। ਦਿੱਲੀ ਆਉਣ ਤੋਂ ਬਾਅਦ ਲੂਥਰਾ ਬ੍ਰਦਰਜ਼ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
