13 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਅਕਾਲ’ ਨੂੰ ਉਮੀਦ ਮੁਤਾਬਿਕ ਸਫ਼ਲਤਾ ਨਾ ਮਿਲਣ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਸੀਕਵਲ ਫਿਲਮ ‘ਸਿੰਘ ਵਰਸਿਸ ਕੌਰ 2’ ਦੀ ਤਿਆਰੀ ਕਰ ਰਹੇ ਹਨ। ਇਹ ਫਿਲਮ ਜਲਦ ਹੀ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
‘ਹੰਬਲ ਮੋਸ਼ਨ ਪਿਕਚਰਸ’ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਐਕਸ਼ਨ ਡ੍ਰਾਮੈਟਿਕ ਫ਼ਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਕਰਨਗੇ ਜਦਕਿ ਨਿਰਦੇਸ਼ਨ ਕਮਾਂਡ ਨਵਨੀਅਤ ਸਿੰਘ ਸੰਭਾਲਣਗੇ, ਜੋ ਇਸ ਦੇ ਪਹਿਲੇ ਭਾਗ ਤੋਂ ਇਲਾਵਾ ਬੇਸ਼ੁਮਾਰ ਵੱਡੀਆ ਸਫ਼ਲ ਅਤੇ ਮਲਟੀ-ਸਟਾਰਰ ਪੰਜਾਬੀ ਅਤੇ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਸਾਲ 2013 ਵਿੱਚ ਰਿਲੀਜ਼ ਹੋਈ ਅਤੇ ਅਪਾਰ ਸਫ਼ਲਤਾ ਹਾਸਿਲ ਕਰਨ ਵਾਲੀ ਐਕਸ਼ਨ-ਕਾਮੇਡੀ ਫ਼ਿਲਮ ‘ਸਿੰਘ ਵਰਸਿਸ ਕੌਰ’ ਦੇ ਦੂਸਰੇ ਸੀਕੁਅਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਮੁੱਖ ਰੋਲ ਅਦਾ ਕਰਨਗੇ। ਗਿੱਪੀ ਤੋਂ ਇਲਾਵਾ ਇਸ ਫ਼ਿਲਮ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਣ ਜਾ ਰਹੇ ਹਨ।
ਪੰਜਾਬ ਤੋਂ ਇਲਾਵਾ ਯੂਨਾਈਟਿਡ ਕਿੰਗਡਮ ਵਿਖੇ ਫਿਲਮਾਂਈ ਜਾ ਸਕਦੀ ਇਸ ਫ਼ਿਲਮ ਦਾ ਲੇਖ਼ਣ ਇੰਦਰਪਾਲ ਸਿੰਘ ਕਰ ਰਹੇ ਹਨ, ਜੋ ਪੰਜਾਬੀ ਸਿਨੇਮਾਂ ਲਈ ਬਣੀਆ ਕਈ ਬੇਹਤਰੀਣ ਅਤੇ ਅਰਥ-ਭਰਪੂਰ ਫਿਲਮਾਂ ਦਾ ਲੇਖ਼ਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ। ਪਾਲੀਵੁੱਡ ਦੇ ਸਟਾਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਵੱਲੋ ਆਪਣੇ ਹੋਮ ਪ੍ਰੋਡੋਕਸ਼ਨ ਅਧੀਨ ਬੈਕ-ਟੂ- ਬੈਕ ਐਲਾਨੀ ਗਈ ਇਹ ਤੀਸਰੀ ਫ਼ਿਲਮ ਹੈ। ਇਸ ਫਿਲਮ ਤੋ ਇਲਾਵਾ, ਅਦਾਕਾਰ ਬੀਤੇ ਦਿਨਾਂ ਦੌਰਾਨ ‘ਜੱਟ ਜੇਮਜ਼ ਬਾਂਡ 2’ ਅਤੇ ‘ਕੈਰੀ ਆਨ ਜੱਟਾ 4’ ਦਾ ਵੀ ਐਲਾਨ ਕਰ ਚੁੱਕੇ ਹਨ। ਸਿਨੇਮਾਂ ਗਲਿਆਰਿਆ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣਨ ਜਾ ਰਹੀ ਇਸ ਫ਼ਿਲਮ ਨੂੰ ਕਾਫ਼ੀ ਵੱਡੇ ਸਿਨੇਮਾਂ ਸਕੇਲ ਅਧੀਨ ਵਜ਼ੂਦ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਸਬੰਧਤ ਤਮਾਮ ਪਹਿਲੂਆ ਦਾ ਰਸਮੀ ਖੁਲਾਸਾ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਨਿਰਮਾਣ ਟੀਮ ਵੱਲੋ ਜਲਦ ਕੀਤਾ ਜਾਵੇਗਾ।
ਸੰਖੇਪ: ਗਿੱਪੀ ਗਰੇਵਾਲ ਜਲਦ ਆਪਣੀ ਸਫਲ ਪੰਜਾਬੀ ਫਿਲਮ ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਕਰਨਗੇ। ਪਹਿਲੇ ਭਾਗ ਨੂੰ ਦਰਸ਼ਕਾਂ ਵਲੋਂ ਚੰਗਾ ਰਿਸਪਾਂਸ ਮਿਲਿਆ ਸੀ।