13 ਜੂਨ (ਪੰਜਾਬੀ ਖਬਰਨਾਮਾ):ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਇਨ੍ਹੀਂ ਦਿਨੀਂ ਭਿਆਨਕ ਗਰਮੀ ਦੀ ਲਪੇਟ ‘ਚ ਹਨ। ਪਿਛਲੇ 15 ਦਿਨਾਂ ਤੋਂ ਦਿੱਲੀ ਦਾ ਤਾਪਮਾਨ ਲਗਾਤਾਰ 40 ਡਿਗਰੀ ਸੈਲਸੀਅਸ ਤੋਂ ਉੱਪਰ ਬਣਿਆ ਹੋਇਆ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 44.7 ਡਿਗਰੀ ਸੈਲਸੀਅਸ ਰਿਹਾ।

ਜਾਣਕਾਰੀ ਦਿੰਦੇ ਹੋਏ ਭਾਰਤੀ ਮੌਸਮ ਵਿਭਾਗ (IMD) ਨੇ ਦਿੱਲੀ, ਪੰਜਾਬ ਤੇ ਹਰਿਆਣਾ ਵਿਚ ਦੱਖਣ-ਪੱਛਮੀ ਮਾਨਸੂਨ ਦੇ ਸਰਗਰਮ ਹੋਣ ਦੀ ਮਿਤੀ ਦੀ ਵੀ ਜਾਣਕਾਰੀ ਦੇ ਦਿੱਤੀ ਹੈ। ਆਈਐਮਡੀ ਨੇ ਕਿਹਾ ਕਿ ਜੂਨ ਦੇ ਅੰਤ ਤੱਕ ਮਾਨਸੂਨ ਦੇ ਆਉਣ ਦੀ ਉਮੀਦ ਹੈ।

ਆਈਐਮਡੀ ਮੁਤਾਬਕ ਫਿਲਹਾਲ ਦਿੱਲੀ ਦੇ ਲੋਕਾਂ ਨੂੰ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਦੱਸਿਆ ਕਿ ਨਜਫਗੜ੍ਹ ਮੌਸਮ ਵਿਗਿਆਨ ਕੇਂਦਰ ਵਿਚ ਸ਼ਹਿਰ ਦਾ ਸਭ ਤੋਂ ਵੱਧ ਤਾਪਮਾਨ 47.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਫਦਰਜੰਗ ਆਬਜ਼ਰਵੇਟਰੀ, ਜਿਸ ਨੂੰ ਸ਼ਹਿਰ ਦਾ ਅਧਿਕਾਰਤ ਸੂਚਕ ਮੰਨਿਆ ਜਾਂਦਾ ਹੈ, ਵਿਚ ਵੱਧ ਤੋਂ ਵੱਧ ਤਾਪਮਾਨ 44.7 ਡਿਗਰੀ ਸੈਲਸੀਅਸ ਦਰਜ ਕੀਤਾ, ਜੋ ਆਮ ਔਸਤ ਨਾਲੋਂ 5 ਡਿਗਰੀ ਵੱਧ ਹੈ।

ਮੌਸਮ ਵਿਭਾਗ ਦੇ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਦੇ ਹੋਰ ਮੌਸਮ ਕੇਂਦਰਾਂ ਜਿਵੇਂ ਕਿ ਨਰੇਲਾ ਵਿੱਚ ਵੱਧ ਤੋਂ ਵੱਧ ਤਾਪਮਾਨ 47.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਅਯਾ ਨਗਰ ਵਿੱਚ 45.9 ਡਿਗਰੀ ਸੈਲਸੀਅਸ, ਰਿਜ ਵਿੱਚ 46.4 ਡਿਗਰੀ ਸੈਲਸੀਅਸ ਅਤੇ ਪਾਲਮ ਵਿੱਚ 45.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮਾਨਸੂਨ 27 ਜੂਨ ਨੂੰ ਸਰਗਰਮ ਹੋਵੇਗਾ
ਆਈਐਮਡੀ ਨੇ ਕਿਹਾ ਕਿ 27 ਜੂਨ ਦੇ ਆਸਪਾਸ ਇਸ ਮਹੀਨੇ ਦੇ ਅੰਤ ਤੱਕ ਪੰਜਾਬ, ਦਿੱਲੀ ਵਿਚ ਮਾਨਸੂਨ ਦੇ ਆਉਣ ਦੀ ਉਮੀਦ ਹੈ। ਆਈਐਮਡੀ ਬੁਲੇਟਿਨ ਦੇ ਅਨੁਸਾਰ ਬੁੱਧਵਾਰ ਨੂੰ ਸਾਪੇਖਿਕ ਨਮੀ 18 ਪ੍ਰਤੀਸ਼ਤ ਤੋਂ 58 ਪ੍ਰਤੀਸ਼ਤ ਦੇ ਵਿਚਕਾਰ ਸੀ। ਵਿਭਾਗ ਨੇ ਵੀਰਵਾਰ ਨੂੰ ਜ਼ਿਆਦਾਤਰ ਥਾਵਾਂ ‘ਤੇ ਤੇਜ਼ ਹਵਾਵਾਂ ਅਤੇ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 45 ਅਤੇ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

ਪੱਛਮੀ ਗੜਬੜੀ ਬੇਅਸਰ
ਦੱਸ ਦਈਏ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਰਾਜਸਥਾਨ ਤੋਂ ਲੈ ਕੇ ਉੱਚ ਪਹਾੜੀ ਖੇਤਰਾਂ ਤੱਕ ਕਈ ਇਲਾਕਿਆਂ ਵਿਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲਿਆ। ਰਾਜਸਥਾਨ ਦਾ ਵੱਡਾ ਹਿੱਸਾ ਇਸ ਤੋਂ ਪ੍ਰਭਾਵਿਤ ਸੀ। ਇਸ ਕਾਰਨ ਤੇਜ਼ ਹਵਾਵਾਂ ਦੇ ਨਾਲ ਮੀਂਹ ਦਰਜ ਕੀਤਾ ਗਿਆ। ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਧੂੜ ਭਰੀ ਹਨੇਰੀ ਆਈ। ਕਿਹਾ ਜਾ ਰਿਹਾ ਸੀ ਕਿ ਵੈਸਟਰਨ ਡਿਸਟਰਬੈਂਸ ਦਾ ਅਸਰ ਦਿੱਲੀ ‘ਤੇ ਵੀ ਪਵੇਗਾ ਪਰ ਰਾਸ਼ਟਰੀ ਰਾਜਧਾਨੀ ਖੇਤਰ ‘ਚ ਇਸ ਦਾ ਅਸਰ ਜ਼ਿਆਦਾ ਨਹੀਂ ਦੇਖਿਆ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।