ਚੰਡੀਗੜ੍ਹ, 10 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸੋਨੇ ਦੇ ਰੇਟ ਇੱਕ ਵਾਰ ਫਿਰ ਆਸਮਾਨ ਨੂੰ ਛੂਹ ਰਹੇ ਹਨ। ਅੱਜ ਸੋਨੇ ਦਾ ਰੇਟ 1 ਲੱਖ 13 ਹਜ਼ਾਰ ਰੁਪਏ ਪ੍ਰਤੀ ਤੋਲਾ ਤੱਕ ਪਹੁੰਚ ਗਿਆ ਹੈ। ਲੋਕ ਹੈਰਾਨ ਹਨ ਕਿਉਂਕਿ ਆਮ ਤੌਰ ’ਤੇ ਸ਼ਰਾਧਾਂ ਦੇ ਸਮੇਂ ਸੋਨੇ ਦੀ ਮੰਗ ਘਟਦੀ ਹੈ ਅਤੇ ਕੀਮਤਾਂ ਵਿੱਚ ਕਮੀ ਆ ਜਾਂਦੀ ਹੈ। ਪਰ ਇਸ ਵਾਰ ਤਸਵੀਰ ਬਿਲਕੁਲ ਵੱਖਰੀ ਹੈ।
ਨਿਊਜ਼ 18 ਨਾਲ ਗੱਲਬਾਤ ਕਰਦਿਆਂ ਪਿਛਲੇ 40 ਤੋਂ 45 ਸਾਲਾਂ ਤੋਂ ਸੋਨੇ ਦੇ ਕਾਰੋਬਾਰ ਨਾਲ ਜੁੜੇ ਜੁਐਲਰਾਂ ਨੇ ਦੱਸਿਆ ਕਿ ਸੋਨੇ ਦੀ ਮੰਗ ਨਾ ਸਿਰਫ਼ ਭਾਰਤ ਵਿੱਚ, ਸਗੋਂ ਅੰਤਰਰਾਸ਼ਟਰੀ ਮਾਰਕੀਟ ਵਿੱਚ ਵੀ ਤੇਜ਼ੀ ਨਾਲ ਵਧ ਰਹੀ ਹੈ। ਉਹਨਾਂ ਅਨੁਸਾਰ, ਸੋਨਾ ਇੱਕ ਐਸੀ ਧਨ-ਸੰਪਤੀ ਹੈ ਜੋ ਹਮੇਸ਼ਾ ਹੀ ਸੁਰੱਖਿਅਤ ਨਿਵੇਸ਼ ਮੰਨੀ ਜਾਂਦੀ ਹੈ। ਜ਼ਰੂਰਤ ਪੈਣ ’ਤੇ ਇਹ ਤੁਰੰਤ ਨਕਦੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਇਸੀ ਕਰਕੇ ਲੋਕ ਇਸ ਨੂੰ ਖਰੀਦਣ ਤੋਂ ਪਿੱਛੇ ਨਹੀਂ ਹੱਟ ਰਹੇ ਹਨ।
ਇਹ ਵੀ ਦੱਸਿਆ ਗਿਆ ਕਿ ਆਉਣ ਵਾਲੇ ਫੈਸਟਿਵਲ ਸੀਜ਼ਨ ਵਿਚ ਮੰਗ ਹੋਰ ਵੀ ਵੱਧੇਗੀ ਕਿਉਂਕਿ ਲੋਕ ਵਿਆਹ-ਸ਼ਾਦੀਆਂ ਅਤੇ ਤਿਉਹਾਰਾਂ ਲਈ ਸੋਨੇ ਦੀ ਖਰੀਦਾਰੀ ਕਰਦੇ ਹਨ। ਇਸ ਮੌਕੇ ’ਤੇ ਹਮੇਸ਼ਾ ਕੀਮਤਾਂ ਵਧਦੀਆਂ ਹਨ ਪਰ ਇਸ ਵਾਰ ਮੰਗ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ।
ਜੁਐਲਰਾਂ ਦਾ ਕਹਿਣਾ ਹੈ ਕਿ ਜੇ ਹਾਲਾਤ ਐਵੇਂ ਹੀ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਸੋਨੇ ਦਾ ਰੇਟ 1.5 ਲੱਖ ਰੁਪਏ ਪ੍ਰਤੀ ਤੋਲਾ ਤੱਕ ਵੀ ਪਹੁੰਚ ਸਕਦਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਗਾਹਕਾਂ ਨੂੰ ਸੋਨਾ ਖਰੀਦਣ ਵਿੱਚ ਜ਼ਿਆਦਾ ਸੋਚਣਾ ਨਹੀਂ ਚਾਹੀਦਾ ਕਿਉਂਕਿ ਰੇਟਾਂ ਦੇ ਘਟਣ ਦੇ ਕੋਈ ਅਸਾਰ ਨਹੀਂ ਦਿੱਖ ਰਹੇ।
ਲੋਕਾਂ ਵਿਚਾਲੇ ਇਸ ਚੜ੍ਹਦੇ ਰੇਟ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਹੈ। ਕੁਝ ਲੋਕ ਇਸ ਨੂੰ ਚਿੰਤਾਜਨਕ ਮੰਨ ਰਹੇ ਹਨ ਜਦਕਿ ਹੋਰਾਂ ਲਈ ਇਹ ਨਿਵੇਸ਼ ਦਾ ਵਧੀਆ ਮੌਕਾ ਬਣ ਗਿਆ ਹੈ।