ਨਵਾਂਸ਼ਹਿਰ, 16 ਮਈ (ਪੰਜਾਬੀ ਖਬਰਨਾਮਾ) : ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਚੋਣਾਂ ਨੂੰ ਨਿਰਵਿਘਨ, ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪੜੇ ਚਾੜ੍ਹਨ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ: ਹੀਰਾ ਲਾਲ, ਆਈ.ਏ.ਐਸ., ਪੁਲਿਸ ਅਬਜ਼ਰਵਰ ਸ਼੍ਰੀ ਸੰਦੀਪ ਗਜਾਨਨ ਦੀਵਾਨ, ਆਈ.ਪੀ.ਐਸ. ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ‘ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਜਨਰਲ ਅਬਜ਼ਰਵਰ ਡਾ: ਹੀਰਾ ਲਾਲ, ਆਈ.ਏ.ਐਸ., ਨੇ ਕਿਹਾ ਕਿ ਕੋਈ ਵੀ ਵੋਟਰ ਜਾਂ ਹੋਰ ਕੋਈ ਪਾਰਟੀ ਨਾਲ ਸਬੰਧਿਤ ਵਿਅਕਤੀ ਉਨ੍ਹਾਂ ਨੂੰ ਨਹਿਰੀ ਵਿਸ਼ਰਾਮ ਘਰ ਰੂਪਨਗਰ ਵਿਖੇ ਸਵੇਰੇ 9 ਵਜੇਂ ਤੋਂ 11 ਵਜੇ ਦੇ ਵਿਚਕਾਰ ਮਿਲ ਸਕਦਾ ਹੈ ਅਤੇ ਇਹ ਸਮਾਂ ਜਨਤਕ ਮਿਲਣੀ ਲਈ ਨਿਰਧਾਰਿਤ ਕੀਤਾ ਗਿਆ ਹੈ।
ਇਸ ਵਿਚਾਰ-ਵਟਾਂਦਰੇ ਦੌਰਾਨ ਜਨਰਲ ਅਬਜ਼ਰਵਰ ਨੇ ਕਿਹਾ ਕਿ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਤੌਰ ਉਤੇ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਚੋਣਾਂ ਦਾ ਸੰਚਾਲਨ ਕਿਸੇ ਵੀ ਤਰ੍ਹਾਂ ਦੇ ਧੱਕੇਸ਼ਾਹੀ ਅਤੇ ਡਰਾਵੇ ਤੋਂ ਮੁਕਤ ਹੋਵੇ।
ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਐਫ.ਐਸ.ਟੀ, ਐਸ.ਐਸ.ਟੀ, ਵੀ.ਐਸ.ਟੀ ਅਤੇ ਹੋਰ ਟੀਮਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਸ ਮੰਤਵ ਨੂੰ ਹਾਸਿਲ ਕਰਨ ਲਈ ਜੋ ਰੂਪ-ਰੇਖਾ ਤਿਆਰ ਕੀਤੀ ਗਈ ਹੈ ਉਸ ਨੂੰ ਜ਼ਮੀਨੀ ਪੱਧਰ ਉਤੇ ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਲਾਗੂ ਕਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ।
ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਟੀਮਾਂ ਆਨੰਦਪੁਰ ਸਾਹਿਬ ਸੰਸਦੀ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ 24 ਘੰਟੇ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜਾਬਤਾ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਜਾਂ ਉਲੰਘਣਾ ਨਾਲ ਨਜਿੱਠਣ ਲਈ 24×7 ਸ਼ਿਕਾਇਤ ਸੈੱਲ, ਸੀ-ਵਿਜੀਲ, ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਸੈੱਲ, ਹੋਰਾਂ ਬਾਰੇ ਜਾਣਕਾਰੀ ਲਈ ਤੁਰੰਤ ਐਕਸ਼ਨ ਟੀਮਾਂ ਦੇ ਰੂਪ ਵਿੱਚ ਇੱਕ ਵਿਸਤ੍ਰਿਤ ਵਿਧੀ ਦਾ ਗਠਨ ਕੀਤਾ ਗਿਆ ਹੈ।
ਨਵਜੋਤ ਪਾਲ ਸਿੰਘ ਰੰਧਾਵਾ ਨੇ ਲੋਕ ਸਭਾ ਹਲਕੇ ਅਨੰਦਪੁਰ ਸਾਹਿਬ ਅਧੀਨ ਆਉਂਦੀ ਆਮ ਪਬਲਿਕ ਨੂੰ ਦੱਸਿਆ ਕਿ ਉਹ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਜਾਣਕਾਰੀ ਲਈ ਜਨਰਲ ਅਬਜ਼ਰਵਰ ਡਾ: ਹੀਰਾ ਲਾਲ, ਆਈ.ਏ.ਐਸ. ਨਾਲ ਸੰਪਰਕ ਕਰ ਸਕਦਾ ਹੈ ਅਤੇ ਕਿਸੇ ਵੀ ਕਿਸਮ ਦੀ ਚੋਣ ਸੰਬੰਧੀ ਸ਼ਿਕਾਇਤ ਲਈ ਉਨ੍ਹਾਂ ਦੇ ਮੋਬਾਇਲ ਨੰ. 98726-87961 ਜਾਂ 01881-221469 ‘ਤੇ ਸੰਪਰਕ ਕਰ ਸਕਦੇ ਹਨ।