ਲਾਹੌਰ, 29 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪਾਕਿਸਤਾਨ ਦੇ ਪੰਜਾਬ ਸੂਬੇ ’ਚ ਹੜ੍ਹ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਸੈਂਕੜੇ ਪਿੰਡ ਪਾਣੀ ’ਚ ਡੁੱਬ ਗਏ ਹਨ। ਸਤਲੁਜ, ਰਾਵੀ ਤੇ ਚਿਨਾਬ ਨਦੀਆਂ ’ਚ ਵਧਦੇ ਪਾਣੀ ਦੇ ਪੱਧਰ ਕਾਰਨ ਆਸਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ।

ਲੱਖਾਂ ਏਕੜ ਖੇਤੀਬਾੜੀ ਜ਼ਮੀਨ ਵੀ ਡੁੱਬ ਚੁੱਕੀ ਹੈ। ਸੂਬਾ ਸਰਕਾਰ ਦਾ ਅੰਦਾਜ਼ਾ ਹੈ ਕਿ ਹੜ੍ਹ ਨਾਲ ਹੁਣ ਤੱਕ ਕਰੀਬ ਦੱਸ ਲੱਖ ਲੋਕ ਪ੍ਰਭਾਵਿਤ ਹੋਏ ਹਨ। ਸੂਬਾ ਆਫ਼ਤ ਮੈਨੇਜਮੈਂਟ ਅਥਾਰਟੀ (ਪੀਡੀਐੱਮਏ) ਅਨੁਸਾਰ, ਹੜ੍ਹ ਕਾਰਨ ਲਾਹੌਰ ਦੇ ਕੁਝ ਹਿੱਸਿਆਂ ਨੂੰ ਖਾਲੀ ਕਰਵਾਉਣਾ ਪੈ ਰਿਹਾ ਹੈ। ਹੁਣ ਤੱਕ 2,50,000 ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਹੇ ਤੇ ਰਾਹਤ ਮੁਹਿੰਮ ਜਾਰੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਵੀਰਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਹਵਾਈ ਸਰਵੇਖਣ ਕੀਤਾ।

ਚਿਨਾਬ ਨਦੀ ਦੇ ਕੰਢੇ ਸਥਿਤ ਸਿਆਲਕੋਟ, ਵਜ਼ੀਰਾਬਾਦ, ਗੁਜਰਾਤ, ਮੰਡੀ ਬਹਾਊਦੀਨ, ਚਿਨੀਓਟ ਤੇ ਝਾਂਗ ਦੇ ਲਗਪਗ 340 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸਤਲੁਜ ਨਦੀ ਦੇ ਕੰਢੇ 335 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਸਤਲੁਜ ਨਦੀ ’ਚ ਹੜ੍ਹ ਨਾਲ ਪ੍ਰਭਾਵਿਤ ਸ਼ਹਿਰ ਕਸੂਰ, ਓਕਾਰਾ, ਪਾਕਪੱਟਨ, ਮੁਲਤਾਨ, ਵੇਹਾਰੀ, ਬਹਾਵਲਨਗਰ ਤੇ ਬਹਾਵਲਪੁਰ ਹਨ। ਕਈ ਰਾਜਮਾਰਗ ਪੂਰੀ ਤਰ੍ਹਾਂ ਡੁੱਬ ਗਏ ਹਨ। ਪੰਜਾਬ ਸਰਕਾਰ ਨੇ ਅੱਠ ਜ਼ਿਲ੍ਹਿਆਂ ਸਿਆਲਕੋਟ, ਨਾਰੋਵਾਲ, ਹਫੀਜ਼ਾਬਾਦ, ਸਰਗੋਧਾ, ਲਾਹੌਰ, ਕਸੂਰ, ਓਕਾਰਾ ਤੇ ਫੈਸਲਾਬਾਦ ’ਚ ਫ਼ੌਜ ਦੀ ਮਦਦ ਮੰਗੀ ਹੈ।

ਸੰਖੇਪ:
ਪਾਕਿਸਤਾਨ ਪੰਜਾਬ ਵਿੱਚ ਹੜ੍ਹ ਕਾਰਨ ਲੱਖਾਂ ਲੋਕ ਪ੍ਰਭਾਵਿਤ, 2,50,000 ਤੋਂ ਵੱਧ ਨੂੰ ਖਾਲੀ ਕਰਵਾਇਆ ਗਿਆ, ਸਰਕਾਰ ਨੇ ਫੌਜ ਦੀ ਮਦਦ ਮੰਗੀ ਤੇ ਰਾਹਤ ਕਾਰਜ ਜਾਰੀ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।