ਫਿਰੋਜ਼ਪੁਰ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪਿੰਡ ਨਵਾਂ ਪੁਰਬਾ ਵਿਚ ਰਹਿਣ ਵਾਲੇ ਨੌਜਵਾਨ ਨਾਲ ਫਰਜ਼ੀ ਵਿਆਹ ਸਾਬਿਤ ਕਰ ਕੇ ਔਰਤ ਨੇ ਇਕ ਵਿਅਕਤੀ ਦਾ ਜਾਅਲੀ ਮੌਤ ਸਰਟੀਫਿਕੇਟ ਬਣਵਾ ਲਿਆ। ਇਸ ਮਗਰੋਂ ਬੀਮਾ ਕੰਪਨੀ ਕੋਲੋਂ 19 ਲੱਖ ਦਾਅਵੇ ਤਹਿਤ ਹਾਸਿਲ ਕੀਤੇ। ਲੰਘੀ 15 ਸਤੰਬਰ ਨੂੰ ਇਸ ਕੇਸ ਵਿਚ ਪੀੜਤ ਨੇ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਔਰਤ ਤੇ ਉਸ ਦੇ ਦੋ ਦੋਸਤਾਂ ਉੱਤੇ ਕੇਸ ਦਰਜ ਕੀਤਾ ਹੈ।
ਏਐੱਸਆਈ ਅਯੂਬ ਮਸੀਹ ਨੇ ਦੱਸਿਆ ਕਿ ਵਿਸ਼ਾਲ ਪੁੱਤਰ ਵਿਜੇ ਨਿਵਾਸੀ ਚੁੰਗੀ ਨੰਬਰ ਅੱਠ, ਫ਼ਰੀਦਕੋਟ ਰੋਡ ਨਵਾਂ ਪੁਰਬਾ ਨੇ ਸ਼ਿਕਾਇਤ ਦਿੱਤੀ ਸੀ। ਵਿਸ਼ਾਲ ਮੁਤਾਬਕ ਮੁਲਜ਼ਮਾਂ ਸੰਜਨਾ ਨਿਵਾਸੀ ਕੁੰਡੇ ਤੇ ਉਸ ਦੇ ਦੋਸਤਾਂ ਸਾਹਿਲ ਖੰਨਾ ਨਿਵਾਸੀ ਸਾਹਮਣੇ ਮੋਦੀ ਮਿੱਲ ਫਿਰੋਜ਼ਪੁਰ ਤੇ ਸੁਖਦੇਵ ਸਿੰਘ ਨੇ ਬੀਮਾ ਕੰਪਨੀ ਐੱਚਡੀਐੱਫਸੀ ਲਾਈਫ ਨਾਲ 19 ਲੱਖ ਰੁਪਏ ਦੀ ਠੱਗੀ ਕੀਤੀ ਹੈ। ਦਰਅਸਲ, ਸੰਜਨਾ ਤੇ ਸਾਥੀਆਂ ਨੇ ਪੀੜਤ ਵਿਸ਼ਾਲ ਨੂੰ ਬੈਂਕ ਤੋਂ ਨਾਨ-ਰਿਫੰਡਏਬਲ ਕਰਜ਼ਾ ਦਿਵਾਉਣ ਦੇ ਬਹਾਨੇ ਜ਼ਰੂਰੀ ਦਸਤਾਵੇਜ਼ ਹਾਸਿਲ ਕੀਤੇ ਸਨ। ਫਿਰ ਇਨ੍ਹਾਂ ਦਸਤਾਵੇਜ਼ਾਂ ਦੀ ਬੁਨਿਆਦ ’ਤੇ ਫਰਜ਼ੀ ਅਧਾਰ ਕਾਰਡ ਬਣਾ ਕੇ ਵਿਸ਼ਾਲ ਨਾਲ ਸੰਜਨਾ ਕੁੰਡੇ ਦਾ ਫਰਜ਼ੀ ਵਿਆਹ ਸਾਬਿਤ ਕੀਤਾ। ਇਸ ਮਗਰੋਂ ਜਾਅਲਸਾਜ਼ ਔਰਤ ਨੇ ਵਿਸ਼ਾਲ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਵਾ ਲਿਆ ਤੇ ਐੱਚਡੀਐੱਫਸੀ ਲਾਈਫ ਕੋਲੋਂ 19 ਲੱਖ ਰੁਪਏ ਵਸੂਲੇ। ਫਿਰ ਜਦੋਂ ਬੀਮਾ ਕੰਪਨੀ ਨੇ ਵਿਸ਼ਾਲ ਦੇ ਅਸਲੀ ਪਤੇ ’ਤੇ ਦਸਤਕ ਦਿੱਤੀ ਤਾਂ ਮਾਮਲੇ ਦਾ ਰਾਜ਼ਫ਼ਾਸ਼ ਹੋ ਗਿਆ। ਪਿੰਡ ਦੇ ਸਰਪੰਚ ਨੇ ਬੀਮਾ ਕੰਪਨੀ ਦੇ ਕਰਿੰਦਿਆਂ ਨੂੰ ਵਿਸ਼ਾਲ ਦੇ ਜਿਉਂਦੇ ਹੋਣ ਦੀ ਗੱਲ ਕਹੀ ਸੀ ਤੇ ਵਿਸ਼ਾਲ ਦੇ ਪਰਿਵਾਰ ਨੇ ਵੀ ਮਾਮਲੇ ਦੇ ਭੇਤ ਖੋਲ੍ਹ ਦਿੱਤੇ।