ਫਾਜ਼ਿਲਕਾ 18 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਗਰ ਕੌਂਸਲ ਫਾਜਿਲਕਾ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਗਿਆ ਹੈ|
ਵਧੀਕ ਡਿਪਟੀ ਕਮਿਸ਼ਨਰ (ਜ)ਡਾ ਮਨਦੀਪ ਕੌਰ ਦੇ ਮਾਰਗਦਰਸ਼ਨ ਹੇਠ ਨਗਰ ਕੌਂਸਲ ਫਾਜ਼ਿਲਕਾ ਦੀ ਟੀਮ ਵੱਲੋਂ ਸ਼ਹਿਰ ਦੀ ਕਲੱਬ ਰੋਡ ਦੇ ਨਾਲ ਨਾਲ ਹੋਰਨਾਂ ਥਾਵਾਂ ਤੇ ਸਾਫ ਸਫਾਈ ਕਰਵਾਈ ਗਈ| ਉਹਨਾਂ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਸ਼ਹਿਰ ਦੀ ਸਾਫ ਸਫਾਈ ਬਿਹਤਰ ਹੋਏਗੀ ਤਾਂ ਬਿਮਾਰੀਆਂ ਦਾ ਖਾਤਮਾ ਹੋਵੇਗਾ ਤੇ ਸ਼ਹਿਰ ਦੀ ਦਿੱਖ ਵੀ ਸੁੰਦਰ ਹੋਵੇਗੀ|
ਫਾਜ਼ਿਲਕਾ ਦੇ ਕਾਰਜ ਸਾਧਕ ਅਫਸਰ ਰੋਹਿਤ ਕੜਵਾਸਰਾ ਨੇ ਦੱਸਿਆ ਕਿ ਸਾਫ ਸਫਾਈ ਦੇ ਨਾਲ ਨਾਲ ਸੀਵਰੇਜ ਸਬੰਧੀ ਅਤੇ ਸਟਰੀਟ ਲਾਈਟਾਂ ਦੀਆਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਸਮਾਂਬਧ ਨਿਪਟਾਰਾ ਕੀਤਾ ਜਾਵੇਗਾ| ਉਨਾਂ ਨੇ ਕਿਹਾ ਕਿ ਪਾਬੰਦੀਸ਼ੂਦਾ ਪਲਾਸਟਿਕ ਅਤੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਕਿ ਪਲਾਸਟਿਕ ਤੇ ਲਿਫਾਫੇ ਜਿਥੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ ਉੱਥੇ ਸੀਵਰੇਜ ਦੀ ਬਲੋਕਿੰਗ ਦਾ ਕਾਰਨ ਬਣਦੇ ਹਨ| ਉਨਾਂ ਨੇ ਕਿਹਾ ਕਿ ਸ਼ਹਿਰ ਵਿੱਚੋਂ ਕੂੜਾ ਕਰਕਟ ਚੁੱਕਣ ਲਈ ਕਰਮਚਾਰੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਕਿ ਘਰਾਂ ਵਿੱਚੋਂ ਗਿਲਾ ਤੇ ਸੁੱਕਾ ਵੱਖਰਾ ਵੱਖਰਾ ਕੂੜਾ ਇਕੱਠਾ ਕਰਦੇ ਹਨ | ਉਨਾਂ ਲੋਕਾਂ ਨੂੰ ਕਿਹਾ ਕਿ ਕੂੜਾ ਸੜਕਾਂ ਤੇ ਗਲੀਆਂ ਨਾਲੀਆਂ ਵਿਚ ਨਾ ਸੁੱਟਿਆ ਜਾਵੇ ਬਲਕਿ ਡਸਟਬੀਨਾਂ ਵਿੱਚ ਹੀ ਵੱਖਰਾ ਵੱਖਰਾ ਰੱਖਿਆ ਜਾਵੇ| ਇਸ ਤੋਂ ਇਲਾਵਾ ਸਾਫ ਸਫਾਈ ਹੋਣ ਉਪਰੰਤ ਸੜਕਾਂ ਤੇ ਕਚਰਾ ਨਾ ਫੈਲਾਇਆ ਜਾਵੇ| ਉਹਨਾਂ ਕਿਹਾ ਕਿ ਸਾਫ ਸਫਾਈ ਕੀਤੇ ਏਰੀਏ ਨੂੰ ਜੇਕਰ ਆਪਾਂ ਦੁਬਾਰਾ ਗੰਦਾ ਕਰਾਂਗੇ ਤਾਂ ਸਾਫ ਸਫਾਈ ਦੀ ਵਿਵਸਥਾ ਤੇ ਬੁਰਾ ਅਸਰ ਪੈਂਦਾ ਹੈ|
ਉਨਾਂ ਨੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਗਿਲਾ ਅਤੇ ਸੁੱਕਾ ਕੂੜਾ ਵੱਖਰਾ ਵੱਖਰਾ ਹੀ ਵੇਸਟ ਕਲੈਕਟਰਾਂ ਨੂੰ ਜਮਾ ਕਰਵਾਇਆ ਜਾਵੇ ਕਿਉਂ ਜੋ ਕੂੜੇ ਦੀ ਸਹੀ ਪ੍ਰੋਸੈਸਿੰਗ ਤੋਂ ਬਾਅਦ ਖਾਦ ਤਿਆਰ ਕੀਤੀ ਜਾਂਦੀ ਹੈ ਜੋ ਕਿ ਪ੍ਰਤੀ ਕਿਲੋ 20 ਰੁਪਏ ਦੇ ਹਿਸਾਬ ਨਾਲ ਪ੍ਰਤਾਪ ਬਾਗ ਵਿੱਚੋ ਖਰੀਦ ਕੀਤੀ ਜਾ ਸਕਦੀ ਹੈ | ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਨਗਰ ਕੌਂਸਲਾਂ ਦੀ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ।
ਇਹ ਸਾਰੀ ਗਤੀਵਿਧੀ ਸੁਪਰਡੈਂਟ ਨਰੇਸ਼ ਖੇੜਾ ਅਤੇ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ |