23 ਮਈ( ਪੰਜਾਬੀ ਖਬਰਨਾਮਾ):ਸ਼ੰਭੂ ਬਾਰਡਰ ’ਤੇ ਧਰਨੇ ਦੇ 100 ਦਿਨ ਪੂਰੇ ਹੋਣ ’ਤੇ ਰੇਲਵੇ ਟਰੈਕ ’ਤੇ ਲੱਗੇ ਧਰਨੇ ਨੂੰ ਹਟਾ ਲਿਆ ਗਿਆ ਸੀ, ਇਸ ਮੌਕੇ ਉਨ੍ਹਾਂ ਕਿਹਾ ਕਿ ਹਾਲ ਹੀ ’ਚ ਕਿਸਾਨਾਂ ਨੂੰ ਬਦਨਾਮ ਕਰਨ ਲਈ ਭਾਜਪਾ ਆਗੂਆਂ ਦੁਆਰਾ ਬੇਤੁਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ’ਚ ਅਰਾਜਕਤਾ ਫੈਲਾਉਣ, ਸਮਾਜ ’ਚ ਵੰਡੀਆਂ ਪਾਉਣ ਅਤੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਭਾਜਪਾ ਆਪਣੇ ਮਨਸੂਬੇ ’ਚ ਸਫ਼ਲ ਨਹੀਂ ਹੋਵੇਗੀ।
ਪਟਿਆਲਾ ’ਚ 23 ਮਈ ਨੂੰ ਹੋ ਰਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਦੇ ਅਨੁਸਾਰ ਕਿਸਾਨ ਵੀ ਸੰਵਿਧਾਨਕ ਅਤੇ ਜ਼ਮਹੂਰੀ ਢੰਗ ਨਾਲ ਸਵਾਲ-ਜਵਾਬ ਕਰਨਗੇ। ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੇ ਅੰਦੋਲਨ ਦੌਰਾਨ ਧੋਖਾ ਕਰਦਿਆਂ ਝੂਠ ਕਿਉਂ ਬੋਲਿਆ ਗਿਆ, ਆਖ਼ਰ ਲਿਖਤੀ ਰੂਪ ’ਚ ਦੇਣ ਦੇ ਬਾਵਜੂਦ ਵਾਅਦਾ ਕਿਉਂ ਤੋੜਿਆ। ਉਨ੍ਹਾਂ ਕਿਹਾ ਕਿ ਭਾਜਪਾ ਧੱਕੇ ਨਾਲ ਡੰਡੇ ਦੇ ਜ਼ੋਰ ’ਤੇ ਕਿਸਾਨਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਧਰ ਪਟਿਆਲਾ ’ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਪਹਿਲਾਂ ਸ਼ਹਿਰ ਦੇ ਚੱਪੇ-ਚੱਪੇ ’ਤੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਲਈ ਸਟੇਜ ਤਿਆਰ ਕੀਤੀ ਜਾ ਰਹੀ ਹੈ।