ਬੀਜਿੰਗ, 13 ਮਾਰਚ (ਪੰਜਾਬੀ ਖ਼ਬਰਨਾਮਾ)- ਉੱਤਰੀ ਚੀਨ ਦੇ ਹੇਬੇਈ ਸੂਬੇ ‘ਚ ਬੁੱਧਵਾਰ ਨੂੰ ਇਕ ਰੈਸਟੋਰੈਂਟ ‘ਚ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਮੁਤਾਬਕ ਧਮਾਕੇ ਕਾਰਨ ਇਮਾਰਤ ਅਤੇ ਕਈ ਵਾਹਨ ਨੁਕਸਾਨੇ ਗਏ। ਸਰਕਾਰੀ ਸਮਾਚਾਰ ਏਜੰਸੀ ‘ਸ਼ਿਨਹੂਆ’ ਨੇ ਆਪਣੀ ਇਕ ਖਬਰ ‘ਚ ਕਿਹਾ ਕਿ ਸ਼ੱਕ ਹੈ ਕਿ ਯਾਨਜੀਆਓ ਟਾਊਨਸ਼ਿਪ ‘ਚ ਇਕ ਚਿਕਨ ਦੀ ਦੁਕਾਨ ‘ਤੇ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਹੈ।ਯਾਨਜੀਆਓ ਬੀਜਿੰਗ ਦੇ ਬਾਹਰਵਾਰ ਸਥਿਤ ਹੈ। ਇਹ ਧਮਾਕਾ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਸਵੇਰੇ 8 ਵਜੇ ਸਾਨਹੇ ਦੇ ਯਾਨਜੀਆਓ ਟਾਊਨਸ਼ਿਪ ਵਿੱਚ ਹੋਇਆ, ਜਿਸ ਨਾਲ ਇਮਾਰਤ ਅਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਘਟਨਾ ਦੀ ਵੀਡੀਓ ‘ਚ ਸੜਕ ‘ਤੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਅਤੇ ਮਲਬਾ ਖਿਲਰਿਆ ਦਿਖਾਈ ਦੇ ਰਿਹਾ ਹੈ। ਖਬਰਾਂ ‘ਚ ਕਿਹਾ ਗਿਆ ਹੈ ਕਿ ਫਾਇਰਫਾਈਟਰ ਮੌਕੇ ‘ਤੇ ਪਹੁੰਚ ਗਏ ਹਨ ਅਤੇ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।