8 ਜੁਲਾਈ 2024 (ਪੰਜਾਬੀ ਖਬਰਨਾਮਾ) : ਖ਼ੁਰਾਕ ਸਾਡੇ ਸਰੀਰ ਨੂੰ ਤਾਕਤ ਪ੍ਰਦਾਨ ਕਰਦੀ ਹੈ। ਹੈਲਥੀ ਭੋਜਨ ਸਾਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਬਚਾਉਂਦਾ ਹੈ। ਬਹੁਤ ਸਾਰੀਆਂ ਬਿਮਾਰੀਆਂ ਨੂੰ ਖ਼ੁਰਾਕ ਰਾਹੀਂ ਹੀ ਠੀਕ ਕੀਤਾ ਜਾ ਸਕਦਾ ਹੈ। ਅੱਜ ਦੇ ਸਮੇਂ ਵਿਚ ਬਦਲੀ ਜੀਵਨ ਸ਼ੈਲੀ ਕਰਕੇ ਲੋਕਾਂ ਵਿਚ ਮੋਟਾਪੇ ਅਤੇ ਸ਼ੂਗਰ ਦੀ ਸਮੱਸਿਆ ਵਧਦੀ ਜਾ ਰਹੀ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਨਾ ਰਹੇ ਹਨ। ਪਰ ਇਕ ਖੋਜ ਦੇ ਅਨੁਸਾਰ 5:2 ਦੀ ਖੁਰਾਕ ਮੋਟਾਪੇ ਅਤੇ ਸ਼ੂਗਰ ਤੋਂ ਰਾਹਤ ਪਾਉਣ ਲਈ ਸਭ ਤੋਂ ਵੱਧ ਕਾਰਗਰ ਹੈ।
ਡਾਕਟਰ ਮਾਈਕਲ ਮੇਸਲੇ ਜੋ ਕਿ ਸ਼ੂਗਰ ਰੋਗ ਦੇ ਮਾਹਿਰ ਅਤੇ ਡਾਇਟੀਸ਼ਅਨ ਹਨ, ਨੇ ਵੀ ਸ਼ੂਗਰ ਅਤੇ ਮੋਟਾਪੇ ਤੋਂ ਪੀੜਤ ਲੋਕਾਂ ਨੂੰ 5:2 ਡਾਇਟ ਅਪਣਾਉਣ ਦੀ ਸਲਾਹ ਦਿੱਤੀ ਹੈ। 5:2 ਡਾਇਟ ਤੋਂ ਭਾਵ ਹੈ ਕਿ ਹਫ਼ਤੇ ਵਿਚ 5 ਦਿਨ ਸੰਤੁਲਿਤ ਭਾਵ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਅਤੇ 2 ਦਿਨ ਵਰਤ ਰੱਖਣਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 5:2 ਡਾਇਟ ਦਾ ਪਾਲਣ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਰਾਜਨੇਤਾ ਜਾਰਜ ਓਸਬੋਰਨ ਦੁਆਰਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਇਸ ਡਾਇਟ ਪਲਾਨ ਨੂੰ ਫੌਲੋ ਕਰਨ ਵਾਲਿਆਂ ਵਿਚ ਹਾਲੀਵੁੱਡ ਸਿਤਾਰੇ ਕ੍ਰਿਸ ਪ੍ਰੈਟ, ਜੈਨੀਫਰ ਐਨੀਸਟਨ ਅਤੇ ਕੋਰਟਨੀ ਕਾਰਦਾਸ਼ੀਅਨ ਸ਼ਾਮਿਲ ਹਨ।
ਇਸ ਡਾਇਟ ਪਲਾਨ ਸੰਬੰਧੀ ਬੀਜਿੰਗ ਹਸਪਤਾਲ ਦੇ ਖੋਜਕਰਤਾਵਾਂ ਨੇ ਇੱਕ ਨਵਾਂ ਅਧਿਐਨ ਕੀਤਾ ਹੈ। ਇਸ ਅਧਿਐਨ ਵਿਚ ਪਾਇਆ ਗਿਆ ਹੈ ਕਿ ਟਾਈਪ 2 ਸ਼ੂਗਰ ਦੇ ਮਰੀਜ਼ ਜਿਨ੍ਹਾਂ ਨੇ 5:2 ਖੁਰਾਕ ਦਾ ਪਾਲਣ ਕੀਤਾ, ਉਨ੍ਹਾਂ ਨੇ ਸ਼ੂਗਰ ਦੀਆਂ ਦਵਾਈਆਂ ਨਾਲੋਂ ਵਧੀਆ ਨਤੀਜੇ ਮਿਲੇ ਹਨ। ਨਾ ਸਿਰਫ ਉਸ ਦੀ ਬਲੱਡ ਸ਼ੂਗਰ ਘੱਟ ਗਈ, ਸਗੋਂ ਉਨ੍ਹਾਂ ਦਾ ਮੋਟਾਪਾ ਵੀ ਘੱਟ ਹੋਇਆ ਹੈ।
ਇਸ ਅਧਿਐਨ ਵਿੱਚ 400 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ। ਪਹਿਲੇ ਗਰੁੱਪ ਨੂੰ ਸ਼ੂਗਰ ਦੀ ਦਵਾਈ ਮੈਟਫੋਰਮਿਨ ਦਿੱਤੀ ਗਈ। ਇਨ੍ਹਾਂ ਦੇ ਦੂਜੇ ਗਰੁੱਪ ਨੂੰ ਵੀ ਇਮਪੈਗਲੀਫਲੋਜ਼ਿਨ ਦਿੱਤਾ ਗਿਆ। ਜਦੋਂ ਕਿ ਤੀਜੇ ਗਰੁੱਪ ਨੂੰ 5:2 ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ। ਭਾਵ ਇਹ ਲੋਕ 5 ਦਿਨ ਸਿਹਤਮੰਦ ਭੋਜਨ ਖਾਂਦੇ ਸਨ ਅਤੇ ਦੋ ਦਿਨ ਵਰਤ ਰੱਖਦੇ ਸਨ। ਇਸ ਜਾਂਚ ਦੇ ਵਿਚ 5:2 ਡਾਇਟ ਸਭ ਤੋਂ ਅਸਰਦਾਰ ਸਾਬਿਤ ਹੋਈ।
ਜ਼ਿਕਰਯੋਗ ਹੈ ਕਿ 5:2 ਡਾਇਟ ਦੀ ਪਾਲਣਾ ਕਰਨ ਵਾਲੇ ਗਰੁੱਪ ਦੇ ਖੂਨ ਵਿਚ ਗਲੂਕੋਜ਼ ਦਾ ਪੱਧਰ ਘੱਟ ਪਾਇਆ ਗਿਆ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਦਾ ਔਸਤ ਭਾਰ 9.7 ਕਿਲੋ ਘਟਿਆ ਹੈ। ਇਸ ਡਾਇਟ ਪਲਾਨ ਦੀ ਮਦਦ ਨਾਲ ਸ਼ੂਗਰ ਦੇ ਪੱਧਰ ਨੂੰ ਕੰਟਰੌਲ ਕੀਤਾ ਜਾ ਸਕਦਾ ਹੈ। ਪੱਛਮੀ ਦੇਸ਼ਾਂ ਵਿਚ ਇਸ ਡਾਇਟ ਪਲਾਨ ਨੂੰ ਵਧੇਰੇ ਅਪਣਾਇਆ ਜਾ ਰਿਹਾ ਹੈ।