ਅਬੋਹਰ, ਫਾਜ਼ਿਲਕਾ, 13 ਮਈ (ਪੰਜਾਬੀ ਖਬਰਨਾਮਾ) : ਲੋਕ ਸਭਾ ਚੋਣਾਂ 2024 ਵਿਚ ਜ਼ਿਲ੍ਹੇ ਵਿਚ ਮਤਦਾਨ ਫੀਸਦੀ ਨੂੰ 75 ਪ੍ਰਤੀਸਤ ਤੋਂ ਪਾਰ ਕਰਨ ਦੇ ਉਦੇਸ਼ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਵੋਟਰ ਜਾਗਰੂਕਤਾ ਗਤੀਵਿਧੀਆਂ (ਸਵੀਪ) ਦੇ ਤਹਿਤ ਅਬੋਹਰ ਦੇ ਨਹਿਰੂ ਪਾਰਕ ਵਿਚ ਬੀਤੀ ਸ਼ਾਮ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਜਦੋਂ ਕਿ ਸ਼ਹਿਰ ਵਾਸੀਆਂ ਨੇ ਲੋਕਤੰਤਰ ਦੇ ਤਿਓਹਾਰ ਵਿਚ ਹਿੱਸਾ ਪਾਉਣ ਦਾ ਪ੍ਰਣ ਲੈਣ ਲਈ ਇਸ ਸਮਾਗਮ ਵਿਚ ਆਪਣੀ ਭਰਵੀਂ ਹਾਜਰੀ ਲਵਾਈ। ਇਹ ਸਮਾਗਮ ਅਬੋਹਰ ਦੇ ਐਸਡੀਐਮ ਸ੍ਰੀ ਪੰਕਜ ਬਾਂਸਲ ਦੀ ਅਗਵਾਈ ਵਿਚ ਸਵੀਪ ਟੀਮ ਵੱਲੋਂ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਆਖਿਆ ਕਿ ਲੋਕਤੰਤਰ ਨੇ ਸਾਨੂੰ ਵੋਟ ਹੱਕ ਦਿੱਤਾ ਹੈ ਅਤੇ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਵੋਟ ਜਰੂਰ ਪਾਈਏ। ਉਨ੍ਹਾਂ ਨੇ ਕਿਹਾ ਕਿ ਜੇਕਰ ਹਰੇਕ ਮਤਦਾਤਾ ਮਤਦਾਨ ਕਰੇਗਾ ਤਾਂਹੀ ਸਾਡਾ ਮੁਲਕ ਤੇ ਲੋਕਤੰਤਰ ਮਜਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 1 ਜੂਨ ਨੂੰ ਹਰੇਕ ਮਤਦਾਤਾ ਵੋਟ ਦੇਣ ਲਈ ਬੂਥ ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਮਤਦਾਨ ਔਸਤ ਪਹਿਲਾਂ ਵੀ ਬਹੁਤ ਚੰਗੀ ਰਹਿੰਦੀ ਹੈ ਅਤੇ ਇਸ ਵਾਰ ਅਸੀਂ ਇਸ ਨੂੰ 75 ਫੀਸਦੀ ਤੋਂ ਪਾਰ ਕਰਨਾ ਹੈ।ਡਿਪਟੀ ਕਮਿਸ਼ਨਰ ਨੇ ਇਸ ਤੋਂ ਪਹਿਲਾਂ ਇੱਥੇ ਹਸਤਾਖ਼ਰ ਅਭਿਆਨ ਦੀ ਵੀ ਸ਼ੁਰੂਆਤ ਕੀਤੀ।
ਇਸ ਮੌਕੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਦੀਵਾਨ ਖੇੜਾ ਦੇ ਵਿਦਿਆਰਥੀਆਂ ਨੇ ਦੀਪਕ ਕੰਬੋਜ ਦੀ ਦੇਖਰੇਖ ਵਿਚ ਤਿਆਰ ਕੀਤਾ ਨੁੱਕੜ ਨਾਟਕ 1 ਜੂਨ ਪੇਸ਼ ਕੀਤਾ। ਵਿਦਿਆਰਥੀਆਂ ਨੇ ਇਸ ਨਾਟਕ ਵਿਚ ਵੋਟ ਬਿਨ੍ਹਾਂ ਕਿਸੇ ਡਰ, ਜਾਂ ਲਾਲਚ ਦੇ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਮਤਦਾਨ ਸੋਚ ਸਮਝ ਕੇ ਕਰਨਾ ਚਾਹੀਦਾ ਹੈ।ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੀਆਂ ਅਬੋਹਰ ਦੀਆਂ ਵਿਦਿਆਰਥਣਾਂ ਦਾ ਸਵੀਪ ਬੋਲੀਆਂ ਤੇ ਅਧਾਰਿਤ ਗਿੱਧਾ ਵੀ ਖਿੱਚ ਦਾ ਕੇਂਦਰ ਰਿਹਾ। ਜਦ ਕਿ ਡੀਏਵੀ ਸਕੂਲ ਦੇ ਵਿਦਿਆਰਥੀਆਂ ਦੇ ਸਵੀਪ ਅਧਾਰਿਤ ਭੰਗੜੇ ਨੇ ਵੀ ਹਾਜਰੀਨ ਨੂੰ ਮਤਦਾਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਿਦਿਆਰਥੀ ਤੇ ਨੌਜਵਾਨ ਮਤਦਾਨ ਦੇ ਮਹੱਤਵ ਦੇ ਸੁਨੇਹੇ ਵਾਲੀਆਂ ਤਖਤੀਆਂ ਲੈ ਕੇ ਪੁੱਜੇ ਅਤੇ ਸੈਲਫੀ ਪੁਆਇੰਟ ਵੀ ਖਿੱਚ ਦਾ ਕੇਂਦਰ ਰਿਹਾ।
ਇਸ ਮੌਕੇ ਸਵੀਪ ਦੇ ਸਹਾਇਕ ਨੋਡਲ ਅਫ਼ਸਰ ਸ੍ਰੀ ਰਾਜਿੰਦਰ ਵਿਖੋਨਾ, ਇਲੈਕਸ਼ਨ ਇਚਾੰਰਜ ਰਾਜ ਕੁਮਾਰ  ਸੁਰਿੰਦਰ ਨਾਗਪਾਲ, ਪਵਨ ਕੁਮਾਰ ਬੀਪੀਈਓ, ਅਜੈ ਛੱਬੜਾ ਬੀਪੀਈਓ, ਭਾਲਾ ਰਾਮ, ਕਰਨ, ਰਾਕੇਸ਼ ਗਿਰਧਰ ਵੀ ਹਾਜਰ ਰਹੇ ਤੇ ਮੰਚ ਸੰਚਾਲਨ ਰਾਜਿੰਦਰ ਪਾਲ ਸਿੰਘ ਬਰਾੜ ਨੇ ਕੀਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।