epf

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਮੁਲਾਜ਼ਮ ਭਵਿੱਖ ਨਿਧੀ ਸੰਸਥਾ (ਈਪੀਐੱਫਓ) ਨੇ ਆਪਣੇ ਮੈਂਬਰਾਂ ਲਈ ਨੌਕਰੀ ਬਦਲਣ ’ਤੇ ਪੀਐੱਫ ਖਾਤੇ ਦਾ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦਿਆਂ ਸੋਧਿਆ ਫਾਰਮ 13 ਸਾਫਟਵੇਅਰ ਸ਼ੁਰੂ ਕੀਤਾ ਹੈ। ਇਸ ਬਦਲਾਅ ਨਾਲ ਪੀਐੱਫ ਖਾਤੇ ਦੇ ਟ੍ਰਾਂਸਫਰ ਲਈ ਬਹੁਤ ਸਾਰੇ ਮਾਮਲਿਆਂ ਵਿਚ ਮਾਲਕ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਰਹੇਗੀ।
ਕਿਰਤ ਤੇ ਰੁਜ਼ਗਾਰ ਮੰਤਰੀ ਨੇ ਈਪੀਐੱਫ ਵਿਚ ਕੀਤੇ ਜਾ ਰਹੇ ਸੁਧਾਰਾਂ ਤਹਿਤ ਇਸ ਨਵੇਂ ਉਪਰਾਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਸ਼ੁੱਕਰਵਾਰ ਨੂੰ ਦੱਸਿਆ ਕਿ ਹੁਣ ਤੱਕ ਭਵਿੱਖ ਨਿਧੀ ਖਾਤੇ ਵਿਚ ਜਮ੍ਹਾਂ ਰਕਮ ਟ੍ਰਾਂਸਫਰ ਵਿਚ ਦੋ ਈਪੀਐੱਫ ਦਫਤਰ ਸ਼ਾਮਲ ਹੁੰਦੇ ਸਨ। ਪਹਿਲਾ ਉਹ ਜਿੱਥੋਂ ਪੀਐੱਫ ਰਕਮ ਟ੍ਰਾਂਸਫਰ ਹੋਣੀ ਹੈ ਤੇ ਦੂਜਾ ਉਹ ਜਿੱਥੇ ਇਹ ਰਕਮ ਆਖਰੀ ਵਾਰ ਜਮ੍ਹਾਂ ਕੀਤੀ ਜਾਣੀ ਹੁੰਦੀ ਸੀ। ਨਵੇਂ ਬਦਲਾਅ ’ਚ ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਈਪੀਐੱਫਓ ਨੇ ਇਕ ਸੋਧਿਆ ਫਾਰਮ 13 ਸਾਫਟਵੇਅਰ ਸ਼ੁਰੂ ਕੀਤਾ ਹੈ। ਇਸ ਵਿਚ ਪੀਐੱਫ ਖਾਤਾ ਜਿੱਥੇ ਟ੍ਰਾਂਸਫਰ ਹੋਣਾ ਹੈ, ਉੱਥੋਂ ਦੇ ਪੀਐੱਫ ਦਫਤਰ ਵਿਚ ਸਾਰੇ ਟ੍ਰਾਂਸਫਰ ਦਾਅਵੇ ਦੀ ਮਨਜ਼ੂਰੀ ਦੀ ਲੋੜ ਹਟਾ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਪਹਿਲੇ ਪੀਐੱਫ ਦਫਤਰ ਤੋਂ ਖਾਤੇ ਦੇ ਟ੍ਰਾਂਸਫਰ ਦੀ ਮਨਜ਼ੂਰੀ ਮਿਲਣ ਦੇ ਨਾਲ ਹੀ ਪਿਛਲਾ ਪੀਐੱਫ ਖਾਤਾ ਆਪਣੇ ਆਪ ਮੁਲਾਜ਼ਮ ਦੇ ਮੌਜੂਦਾ ਭਵਿੱਖ ਨਿਧੀ ਖਾਤੇ ਵਿਚ ਟ੍ਰਾਂਸਫਰ ਹੋ ਜਾਵੇਗਾ।

ਈਪੀਐੱਫਓ ਨੇ ਇਸ ਗੱਲ ਦਾ ਖਿਆਲ ਰੱਖਿਆ ਹੈ ਕਿ ਪੀਐੱਫ ਵਿਚ ਜਮ੍ਹਾਂ ਕੁੱਲ ਰਕਮ ਦੇ ਟੈਕਸ ਮੁਕਤ ਅਤੇ ਗੈਰ ਟੈਕਸ ਮੁਕਤ ਰਕਮ ਦਾ ਬਿਓਰਾ ਵੀ ਖਾਤਾ ਟ੍ਰਾਂਸਫਰ ਦੇ ਨਾਲ ਭੇਜਿਆ ਜਾਵੇਗਾ ਤਾਂ ਜੋ ਮੁਲਾਜ਼ਮ ਦੇ ਟੈਕਸ ਯੋਗ ਪੀਐੱਫ ਵਿਆਜ ’ਤੇ ਟੀਡੀਐੱਸ ਦੀ ਸਹੀ ਗਣਨਾ ਕੀਤੀ ਜਾ ਸਕੇ। ਕਿਰਤ ਮੰਤਰੀ ਮੁਤਾਬਕ, ਇਸ ਬਦਲਾਅ ਦਾ ਫਾਇਦਾ ਈਪੀਐੱਫ ਦੇ 1.25 ਕਰੋੜ ਤੋਂ ਵੱਧ ਮੈਂਬਰਾਂ ਨੂੰ ਮਿਲੇਗਾ। ਮੰਤਰੀ ਦੇ ਅੰਕੜਿਆਂ ਮੁਤਾਬਕ, ਹਰ ਸਾਲ ਲਗਪਗ 90 ਹਜ਼ਾਰ ਕਰੋੜ ਰੁਪਏ ਦੀ ਈਪੀਐੱਫ ਰਕਮ ਦਾ ਟ੍ਰਾਂਸਫਰ ਈਪੀਐੱਫ ਖਾਤੇ ਵਿਚ ਹੁੰਦਾ ਹੈ। ਨਵੇਂ ਬਦਲਾਅ ਨਾਲ ਇਸ ਪ੍ਰਕਿਰਿਆ ਵਿਚ ਪਹਿਲਾਂ ਦੀ ਤੁਲਨਾ ਵਿਚ ਤੇਜ਼ੀ ਆਵੇਗੀ।
ਮਾਲਕਾਂ ਵੱਲੋਂ ਆਧਾਰ ਨੂੰ ਜੋੜੇ ਬਿਨਾਂ ਹੀ ਯੂਏਐੱਨ ਦਾ ਇਕੱਠਾ ਸਿਰਜਣ

ਈਪੀਐੱਫਓ ਮੈਂਬਰਾਂ ਦੇ ਖਾਤਿਆਂ ਵਿਚ ਪੈਸਾ ਜਲਦੀ ਜਮ੍ਹਾਂ ਹੋਵੇ, ਇਹ ਯਕੀਨੀ ਬਣਾਉਣ ਲਈ ਮੈਂਬਰ ਆਈਡੀ ਤੇ ਹੋਰ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਯੂਏਐੱਨ (ਯੂਨੀਵਰਸਲ ਅਕਾਊਂਟ ਨੰਬਰ) ਦੇ ਸਿਰਜਣ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ। ਇਸ ਲਈ ਇਕ ਸਾਫਟਵੇਅਰ ਕਾਰਜ ਸਮਰੱਥਾ ਐੱਫਓ ਇੰਟਰਫੇਸ ਜ਼ਰੀਏ ਫੀਲਡ ਦਫਤਰਾਂ ਨੂੰ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਅਜਿਹੇ ਮਾਮਲਿਆਂ ਵਿਚ ਯੂਏਐੱਨ ਦਾ ਥੋਕ ਸਿਰਜਣ ਸੰਭਵ ਹੋ ਸਕੇਗਾ। ਨਾਲ ਹੀ ਈਪੀਐੱਫਓ ਅਰਜ਼ੀ ਵਿਚ ਆਧਾਰ ਦੀ ਲੋੜ ਦੇ ਬਿਨਾਂ ਪਿਛਲੀ ਜਮ੍ਹਾਂ ਰਾਸ਼ੀ ਦਾ ਲੇਖਾ-ਜੋਖਾ ਰੱਖਿਆ ਜਾ ਸਕੇਗਾ। ਹਾਲਾਂਕਿ ਪੀਐੱਫ ਵਿਚ ਜਮ੍ਹਾਂ ਨਿਧੀ ਦੀ ਸੁਰੱਖਿਆ ਲਈ ਖਤਰੇ ਨੂੰ ਘਟਾਉਣ ਦੇ ਉਪਾਅ ਵਜੋਂ ਅਜਿਹੇ ਸਾਰੇ ਯੂਏਐੱਨ ਨੂੰ ਸਥਿਰ ਅਵਸਥਾ ਵਿਚ ਰੱਖਿਆ ਜਾਵੇਗਾ ਤੇ ਆਧਾਰ ਦੇ ਜੁੜਨ ਤੋਂ ਬਾਅਦ ਹੀ ਉਨ੍ਹਾਂ ਨੂੰ ਚਾਲੂ ਕੀਤਾ ਜਾਵੇਗਾ। ਮੰਤਰੀ ਮੁਤਾਬਕ, ਇਨ੍ਹਾਂ ਕਦਮਾਂ ਨਾਲ ਈਪੀਐੱਫ ਵਿਚ ਸੁਧਾਰ ਹੋਵੇਗਾ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਨਿਪਟਾਰਾ ਦਾਅਵਿਆਂ ਨਾਲ ਜੁੜੀਆਂ ਸ਼ਿਕਾਇਤਾਂ ਵਿਚ ਕਮੀ ਆਉਣ ਦੀ ਉਮੀਦ ਹੈ।

ਸੰਖੇਪ: EPFO ਨੇ PF ਟ੍ਰਾਂਸਫਰ ਦੀ ਪ੍ਰਕਿਰਿਆ ਆਸਾਨ ਬਣਾਈ, ਹੁਣ ਮਾਲਕ ਦੀ ਮਨਜ਼ੂਰੀ ਤੋਂ ਬਿਨਾਂ ਵੀ ਖਾਤਾ ਟ੍ਰਾਂਸਫਰ ਹੋਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।