ਚੰਡੀਗੜ੍ਹ, 3 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਨਵੇਂ ਸਾਲ 2025 ’ਚ ਨਿੱਜੀ ਖੇਤਰ ਦੇ ਮੁਲਾਜ਼ਮਾਂ ਦੇ ਸਭ ਤੋਂ ਵੱਡੇ ਸਮਾਜਿਕ ਸੁਰੱਖਿਆ ਕਵਚ ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ (ਈਪੀਐੱਫਓ) ਦੇ ਖਾਤਿਆਂ ਦਾ ਬੈਂਕ ਅਕਾਊਂਟ ਵਾਂਗ ਸੰਚਾਲਨ ਹਕੀਕਤ ’ਚ ਬਦਲ ਜਾਏਗਾ। ਯਾਨੀ ਇਸ ਦੇ ਮੈਂਬਰ ਬੈਂਕ ਖਾਤਿਆਂ ਵਾਂਗ ਆਪਣੇ ਈਪੀਐੱਫ ਅਕਾਊਂਟ ਦਾ ਇਸਤੇਮਾਲ ਕਰ ਸਕਣਗੇ। ਕਰਮਚਾਰੀ ਪ੍ਰਾਵੀਡੈਂਟ ਫੰਡ ਖਾਤਿਆਂ ਨੂੰ ਬੈਂਕਿੰਗ ਟਰਾਂਜ਼ੈਕਸ਼ਨ ਵਰਗਾ ਸੁਵਿਧਾਜਨਕ ਬਣਾਉਣ ਲਈ ਤੀਜੇ ਪੜਾਅ ਦੇ ਸੁਧਾਰ ਈਪੀਐੱਫਓ 3.0 ਲਾਗੂ ਕੀਤੇ ਜਾਣਗੇ। ਮੋਬਾਈਲ ਬੈਂਕਿੰਗ ਵਾਂਗ ਈਪੀਐੱਫ ਖਾਤਾਧਾਰਕਾਂ ਨੂੰ ਮੋਬਾਈਲ ਐਪ ਤੋਂ ਆਪਣੇ ਖਾਤੇ ਦਾ ਸੰਚਾਲਨ ਕਰਨ ਦਾ ਬਦਲ ਵੀ ਮਿਲੇਗਾ। ਈਪੀਐੱਫਓ ਰਾਹੀਂ ਇਸਦੇ ਆਧੁਨਿਕੀਕਰਨ ਤੇ ਸੁਧਾਰਾਂ ’ਚ ਲੱਗੇ ਕਿਰਤ ਮੰਤਰਾਲੇ ਨੂੰ ਉਮੀਦ ਹੈ ਕਿ ਇਸ ਸਾਲ ਦੇ ਮੱਧ ’ਚ ਈਪੀਐੱਫ ਖਾਤਿਆਂ ਦੀ ਸੀਰਤ ਹੀ ਨਹੀਂ, ਸੂਰਤ ਵੀ ਪੂਰੀ ਤਰ੍ਹਾਂ ਬਦਲ ਜਾਏਗੀ
ਕਰਮਚਾਰੀ ਪ੍ਰਾਵੀਡੈਂਟ ਫੰਡ ਖਾਤਿਆਂ ਨਾਲ ਜੁੜੀਆਂ ਤਮਾਮ ਸਮੱਸਿਆਵਾਂ, ਸ਼ਿਕਾਇਤਾਂ ਤੇ ਚੁਣੌਤੀਆਂ ਦਾ ਹੱਲ ਕੱਢਣ ਲਈ ਫਿਲਹਾਲ ਈਪੀਐੱਫਓ 2.0 ਸੁਧਾਰਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਦੂਜੇ ਪੜਾਅ ਦੇ ਇਨ੍ਹਾਂ ਸੁਧਾਰਾਂ ਦਾ ਟੀਚਾ ਈਪੀਐੱਫ ਖਾਤਿਆਂ ਨਾਲ ਜੁੜੀਆਂ ਗ਼ਲਤੀਆਂ ਦਾ ਹੱਲ ਕਰ ਕੇ ਇਸ ਦੇ ਮੈਂਬਰਾਂ ਨੂੰ ਆਪਣੇ ਖਾਤੇ ਨਾਲ ਜੁੜੀਆਂ ਤਮਾਮ ਮਹੱਤਵਪੂਰਣ ਜਾਣਕਾਰੀਆਂ ਇਕ ਕਲਿੱਕ ’ਚ ਮੁਹੱਈਆ ਕਰਾਉਣਾ ਹੈ। ਕਿਰਤ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਈਪੀਐੱਫਓ 3.0 ਨੂੰ ਲਾਗੂ ਕਰਨ ਤੋਂ ਪਹਿਲਾਂ ਦੂਜੇ ਪੜਾਅ ਦੇ ਸੁਧਾਰਾਂ ਨੂੰ ਤੇਜ਼ੀ ਨਾਲ ਅਮਲ ’ਚ ਲਿਆਂਦਾ ਜਾ ਰਿਹਾ ਹੈ ਤੇ ਇਸੇ ਜਨਵਰੀ-ਫਰਵਰੀ ’ਚ ਇਸ ਨੂੰ ਪੂਰਾ ਕਰਨ ਦਾ ਟੀਚਾ ਹੈ। ਮੰਤਰਾਲੇ ਨੇ ਇਸ ਲਈ ਇਕ ਮਾਹਿਰ ਆਈਟੀ ਸਲਾਹਕਾਰ ਦੀ ਨਿਯੁਕਤੀ ਵੀ ਕੀਤੀ ਹੈ। ਈਪੀਐੱਫਓ 2.0 ਸੁਧਾਰਾਂ ਦਾ ਸਭ ਤੋਂ ਵੱਡਾ ਮਕਸਦ ਪ੍ਰਾਵੀਡੈਂਟ ਫੰਡ ਖਾਤਿਆਂ ਨੂੰ ਕੋਰ ਬੈਂਕਿੰਗ ਖਾਤਿਆਂ ਦੀ ਤਰਜ਼ ’ਤੇ ਪੂਰੀ ਤਰ੍ਹਾਂ ਕੇਂਦਰੀਕ੍ਰਿਤ ਕਰਨ ਦਾ ਹੈ। ਹਾਲੇ ਈਪੀਐੱਫ ਖਾਤੇ ਦੇ ਅੰਕੜੇ ਤੇ ਵੇਰਵਾ ਕਈ ਵਾਰ ਖੇਤਰੀ ਦਫਤਰਾਂ ਦੇ ਪੱਧਰ ’ਤੇ ਹੀ ਰਹਿ ਜਾਣ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ। ਅਜਿਹੀ ਸਥਿਤੀ ’ਚ ਤਬਾਦਲੇ ਜਾਂ ਨੌਕਰੀ ਬਦਲਣ ਨਾਲ ਜੁੜੇ ਮਾਮਲਿਆਂ ’ਚ ਕਈ ਵਾਰ ਖਾਤਿਆਂ ਦੀ ਐਡਜਸਟਮੈਂਟ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ। ਖਾਤਿਆਂ ਦਾ ਕੇਂਦਰੀਕਰਨ ਹੋ ਜਾਣ ਦੇ ਬਾਅਦ ਮੈਂਬਰਾਂ ਨੂੰ ਨਾ ਸਿਰਫ਼ ਆਪਣੇ ਅਕਾਊਂਟ ਆਰਾਮ ਨਾਲ ਅਕਸੈਸ ਕਰਨ ਦੀ ਸੁਵਿਧਾ ਹੋਵੇਗੀ ਬਲਕਿ ਹਰ ਮਹੀਨੇ ਦੇ ਈਪੀਐੱਫ ਹਿੱਸੇ ਦੇ ਆਉਣ ਤੋਂ ਲੈ ਕੇ ਪੈਨਸ਼ਨ ਫੰਡ ਆਦਿ ਦੇ ਯੋਗਦਾਨ ਦਾ ਵੇਰਵਾ ਵੀ ਦੇਖਣ ਨੂੰ ਮਿਲੇਗਾ।
ਈਪੀਐੱਫ ਖਾਤਿਆਂ ਨੂੰ ਬੈਕਿੰਗ ਵਾਂਗ ਸੁਵਿਧਾਜਨਕ ਬਣਾਉਣ ਲਈ ਕਿਰਤ ਮੰਤਰਾਲੇ ਨੇ ਸੁਧਾਰਾਂ ਦੇ ਤੀਜੇ ਪੜਾਅ ਯਾਨੀ ਈਪੀਐੱਫਓ 3.0 ਨੂੰ ਇਸ ਸਾਲ ਜੂਨ-ਜੁਲਾਈ ਤੱਕ ਅਮਲ ’ਚ ਲਿਆਉਣ ਦਾ ਟੀਚਾ ਤੈਅ ਕੀਤਾ ਹੈ। ਇਸ ਵਿਚ ਈਪੀਐੱਫਓ ਦੇ ਮੈਂਬਰਾਂ ਦੇ ਖਾਤਿਆਂ ਨੂੰ ਕੋਰ ਬੈਂਕਿੰਗ ਦੀ ਤਰਜ਼ ’ਤੇ ਅਪਡੇਟ ਕਰ ਦਿੱਤਾ ਜਾਏਗਾ ਤੇ ਸੰਚਾਲਨ ਲਈ ਵੀ ਉਸੇ ਤਰ੍ਹਾਂ ਹੀ ਸਹੂਲਤ ਦਿੱਤੀ ਜਾਏਗੀ। ਮੋਬਾਈਲ ਬੈਂਕਿੰਗ ਵਾਂਗ ਈਪੀਐੱਫ ਖਾਤਿਆਂ ਲਈ ਇਕ ਖਾਸ ਐਪ ਵੀ ਤਿਆਰ ਹੋ ਰਿਹਾ ਹੈ ਜਿਸ ਰਾਹੀਂ ਮੈਂਬਰ ਆਪਣੇ ਖਾਤੇ ’ਚ ਆਉਣ ਵਾਲੇ ਮਹੀਨਾਵਾਰ ਯੋਗਦਾਨ, ਪੈਨਸ਼ਨ ਫੰਡ ਤੋਂ ਲੈ ਕੇ ਪਹਿਲਾਂ ਦੀਆਂ ਨੌਕਰੀਆਂ ਦੇ ਹਿੱਸੇ ਆਦਿ ਦਾ ਵੇਰਵਾ ਆਪਣੇ ਮੋਬਾਈਲ ’ਤੇ ਦੇਖ ਸਕਣਗੇ। ਤੀਜੇ ਪੜਾਅ ਦੇ ਇਨ੍ਹਾਂ ਸੁਧਾਰਾਂ ਦੇ ਤਹਿਤ ਹੀ ਬੈਂਕ ਏਟੀਐੱਮ ਵਾਂਗ ਮੈਂਬਰਾਂ ਨੂੰ ਈਪੀਐੱਫਓ ਏਟੀਐੱਮ ਕਾਰਡ ਦੇ ਜ਼ਰੀਏ ਈਪੀਐੱਫ ਤੋਂ ਨਿਕਾਸੀ ਮੌਜੂਦਾ ਨਿਯਮਾਂ ਤੇ ਵੱਧ ਤੋਂ ਵੱਧ ਹੱਦ ਦੇ ਘੇਰੇ ’ਚ ਹੀ ਹੋਵੇਗੀ। ਕਿਰਤ ਮੰਤਰਾਲੇ ਦੇ ਸੀਨੀਅਰ ਸੂਤਰਾਂ ਨੇ ਕਿਹਾ ਕਿ ਅਸਲ ’ਚ ਈਪੀਐੱਫਓ 3.0 ਸੁਧਾਰ ਦੇਸ਼ ’ਚ ਸਮਾਜਿਕ ਸੁਰੱਖਿਆ ਦੇ ਇਸ ਸਭ ਤੋਂ ਵੱਡੇ ਸੰਗਠਨ ਦੇ ਮੈਂਬਰਾਂ ਦੇ ਆਪਣੀ ਹੀ ਜਮ੍ਹਾ ਰਕਮ ਲਈ ਇੱਧਰ-ਉੱਧਰ ਚੱਕਰ ਲਗਾਉਣ ਦੇ ਮੌਜੂਦਾ ਦੌਰ ਨੂੰ ਖ਼ਤਮ ਕਰ ਦੇਣਗੇ।