ਪਟਿਆਲਾ, 11 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜ਼ਿਲ੍ਹਾ ਪ੍ਰਸ਼ਾਸਨ ਤੇ ਚੋਣ ਅਮਲੇ ਦੀ ਇਕ ਵੱਡੀ ਲਾਪਰਵਾਹੀ ਉਸ ਸਮੇਂ ਸਾਹਮਣੇ ਆਈ, ਜਦੋਂ ਚੋਣ ਡਿਊਟੀਆਂ ਦੀ ਸੂਚੀ ਵਿਚ ਮ੍ਰਿਤਕ ਤੇ ਸੇਵਾ ਮੁਕਤ ਅਧਿਆਪਕਾਂ ਦੇ ਨਾਂ ਵੀ ਸ਼ਾਮਲ ਕਰ ਦਿੱਤੇ ਗਏ। ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ, ਸਗੋਂ ਹੱਦ ਉਦੋਂ ਹੋ ਗਈ ਜਦੋਂ ਇਨ੍ਹਾਂ ਅਧਿਆਪਕਾਂ ਨੂੰ ਚੋਣ ਰਿਹਰਸਲ ਵਿਚ ਗੈਰ-ਹਾਜ਼ਰ ਰਹਿਣ ਕਾਰਨ ‘ਕਾਰਨ ਦੱਸੋ’ ਨੋਟਿਸ ਜਾਰੀ ਕਰਦਿਆਂ ਪੁਲਿਸ ਕਾਰਵਾਈ ਤੱਕ ਦੀ ਚਿਤਾਵਨੀ ਦੇ ਦਿੱਤੀ ਗਈ। ਪ੍ਰਸ਼ਾਸਨ ਦੀ ਇਸ ਕਾਰਵਾਈ ਕਾਰਨ ਅਧਿਆਪਕ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਰਿਟਰਨਿੰਗ ਅਫਸਰ ਵੀਨੀਤ ਸਿੰਗਲਾ ਨੇ ਕਿਹਾ ਕਿ ਸਾਡੇ ਕੋਲ ਚੋਣ ਦਫਤਰ ਵੱਲੋਂ ਵੇਰਵੇ ਭੇਜੇ ਜਾਂਦੇ ਹਨ। ਸੂਚੀ ਦੇ ਅਧਾਰ ’ਤੇ ਰਿਹਰਸਲ ਵਿਚ ਨਾ ਪੁੱਜਣ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ, ਇਸ ਤੋਂ ਬਾਅਦ ਸਬੰਧਤ ਵਿਅਕਤੀ ਦੀ ਅਸਲ ਸਥਿਤੀ ਬਾਰੇ ਸਪਸ਼ਟ ਹੁੰਦਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ਬਾਰੇ ਸਵਾਲ ਪੁੱਛਣ ’ਤੇ ਰਿਟਰਨਿੰਗ ਅਫਸਰ ਨੇ ਕਿਹਾ ਕਿ ਇਸ ਬਾਰੇ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਮੁਤਾਬਕ ਚੋਣ ਅਧਿਕਾਰੀਆਂ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ ਨੀਤੂ ਅਤੇ ਗੁਰਮੀਤ ਕੌਰ ਨਾਂ ਦੀਆਂ ਦੋ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਹੈਰਾਨੀਜਨਕ ਤੱਥ ਇਹ ਹੈ ਕਿ ਅਧਿਆਪਕਾ ਨੀਤੂ ਦੀ ਮੌਤ ਇਸ ਸਾਲ ਦੀ ਸ਼ੁਰੂਆਤ ਵਿਚ, ਯਾਨੀ 9 ਜਨਵਰੀ 2025 ਨੂੰ ਹੋ ਚੁੱਕੀ ਹੈ। ਦੂਜੇ ਪਾਸੇ ਅਧਿਆਪਕਾ ਗੁਰਮੀਤ ਕੌਰ ਅਪ੍ਰੈਲ 2025 ਵਿਚ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਗੁਰਮੀਤ ਕੌਰ ਨੇ ਪਰੇਸ਼ਾਨੀ ਜ਼ਾਹਰ ਕਰਦਿਆਂ ਦੱਸਿਆ ਕਿ ਉਹ ਕਰੀਬ 8 ਮਹੀਨੇ ਪਹਿਲਾਂ ਸੇਵਾ ਮੁਕਤ ਹੋ ਚੁੱਕੇ ਹਨ ਪਰ ਬੀਤੇ ਦਿਨੀਂ ਉਨ੍ਹਾਂ ਨੂੰ ਚੋਣ ਡਿਊਟੀ ਦੀ ਰਿਹਰਸਲ ਲਈ ਪੱਤਰ ਪ੍ਰਾਪਤ ਹੋਇਆ। ਜਦੋਂ ਉਹ 8 ਦਸੰਬਰ ਨੂੰ ਸਰਕਾਰੀ ਆਈ.ਟੀ.ਆਈ., ਨਾਭਾ ਰੋਡ ਵਿਖੇ ਹੋਈ ਰਿਹਰਸਲ ਵਿਚ ਸ਼ਾਮਲ ਨਹੀਂ ਹੋਏ ਤਾਂ ਪ੍ਰਸ਼ਾਸਨ ਵੱਲੋਂ ਇੱਕ ਹੋਰ ਸਖਤ ਪੱਤਰ ਜਾਰੀ ਕਰ ਦਿੱਤਾ ਗਿਆ। ਇਸ ਪੱਤਰ ਵਿੱਚ ਉਨ੍ਹਾਂ ਨੂੰ ਚੋਣ ਅਧਿਕਾਰੀ ਕੋਲ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਅਤੇ ਜਵਾਬ ਨਾ ਦੇਣ ਦੀ ਸੂਰਤ ਵਿਚ ਸਬੰਧਤ ਵਿਭਾਗ ਅਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਸੇਵਾ ਮੁਕਤ ਅਧਿਆਪਕਾ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਚਿੱਠੀਆਂ ਕਾਰਨ ਪਰੇਸ਼ਾਨ ਅਤੇ ਦੁਚਿੱਤੀ ਵਿਚ ਹਨ।
ਅਧਿਆਪਕਾਂ ਨੇ ਕੀਤਾ ਰੋਸ ਮੁਜ਼ਾਹਰਾ
ਇਸ ਘਟਨਾਕ੍ਰਮ ਤੋਂ ਨਾਰਾਜ਼ ਅਧਿਆਪਕਾਂ ਨੇ ਏਡੀਸੀ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀ ਅਧਿਆਪਕਾਂ ਦਾ ਕਹਿਣਾ ਸੀ ਕਿ ਅਧਿਆਪਕ ਕਦੇ ਵੀ ਆਪਣੀ ਡਿਊਟੀ ਤੋਂ ਨਹੀਂ ਭੱਜਦੇ ਪਰ ਚੋਣ ਅਮਲੇ ਵੱਲੋਂ ਅੰਨ੍ਹੇਵਾਹ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਅਤੇ ਜਾਇਜ਼ ਮਜਬੂਰੀਆਂ ਵਾਲੇ ਅਧਿਆਪਕਾਂ ਵੱਲੋਂ ਦਸਤਾਵੇਜ਼ੀ ਸਬੂਤ ਦੇਣ ਦੇ ਬਾਵਜੂਦ ਉਨ੍ਹਾਂ ਦੀਆਂ ਡਿਊਟੀਆਂ ਨਹੀਂ ਕੱਟੀਆਂ ਜਾ ਰਹੀਆਂ ਜਦਕਿ ਦੂਜੇ ਪਾਸੇ ਮ੍ਰਿਤਕਾਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਡਿਊਟੀ ‘ਤੇ ਸੱਦਿਆ ਜਾ ਰਿਹਾ ਹੈ। ਅਧਿਆਪਕਾਂ ਨੇ ਇਸ ਨੂੰ ਚੋਣ ਅਮਲੇ ਦੀ ਨਾਲਾਇਕੀ ਕਰਾਰ ਦਿੱਤਾ ਹੈ। ਮੌਕੇ ‘ਤੇ ਮੌਜੂਦ ਏਡੀਸੀ ਦਫ਼ਤਰ ਦੇ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਸ਼ਾਂਤ ਕਰਦਿਆਂ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਡਿਊਟੀਆਂ ਸਬੰਧੀ ਆ ਰਹੀਆਂ ਤਕਨੀਕੀ ਖ਼ਾਮੀਆਂ ਨੂੰ ਜਲਦ ਦਰੁਸਤ ਕੀਤਾ ਜਾਵੇਗਾ।
