ਨਵੀਂ ਦਿੱਲੀ ( ਪੰਜਾਬੀ ਖਬਰਨਾਮਾ) : ਕੇਂਦਰ ਸਰਕਾਰ ਨੇ ਸੰਭਾਵਿਤ ਖ਼ਤਰਿਆਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਹਥਿਆਰਬੰਦ ਕਮਾਂਡੋ ਦੀ ਜ਼ੈੱਡ ਸ਼੍ਰੇਣੀ ਦੀ ਵੀਆਈਪੀ ਸੁਰੱਖਿਆ ਪ੍ਰਦਾਨ ਕੀਤੀ ਹੈ । ਇਹ ਜਾਦਕਾਰੀ ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਦਿੱਤੀ । ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਨੂੰ ਇਸ ਕੰਮ ਲਈ ਕਰੀਬ 40-50 ਕਰਮੀਆਂ/ਜਵਾਨਾਂ ਦੀ ਇਕ ਟੁਕੜੀ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ । ਕੇਂਦਰੀ ਸੁਰੱਖਿਆ ਏਜੰਸੀਆਂ ਵਲੋਂ ਤਿਆਰ ਕੀਤੀ ਗਈ ਖ਼ਤਰਾ ਸਬੰਧੀ ਧਾਰਨਾ ਰਿਪੋਰਟ ’ਚ ਮੁੱਖ ਚੋਣ ਕਮਿਸ਼ਨਰ ਕੁਮਾਰ ਲਈ ਸਖ਼ਤ ਸੁਰੱਖਿਆ ਦੀ ਸਿਫ਼ਾਰਿਸ਼ ਕੀਤੀ ਗਈ ਹੈ । ਇਹ ਕਦਮ 7 ਗੇੜਾਂ ’ਚ ਹੋਣ ਜਾ ਰਹੀਆਂ ਆਮ ਚੋਣਾਂ ਦੀਆਂ ਤਿਆਰੀਆਂ ਦੇ ਦਰਮਿਆਨ ਚੁੱਕਿਆ ਗਿਆ ਹੈ । ਆਮ ਚੋਣਾਂ 19 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ । ਸੂਤਰਾਂ ਨੇ ਦੱਸਿਆ ਕਿ ਹਥਿਆਰਬੰਦ ਕਮਾਂਡੋ ਦੇਸ਼ ’ਚ ਯਾਤਰਾ ਦੌਰਾਨ ਮੁੱਖ ਚੋਣ ਕਮਿਸ਼ਨਰ ਨਾਲ ਰਹਿਣਗੇ । ਕੁਮਾਰ 1984 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਹਨ । ਉਨ੍ਹਾਂ ਨੇ 15 ਮਈ 2022 ਨੂੰ 25ਵੇਂ ਮੁੱਖ ਚੋਣ ਕਮਿਸ਼ਨ ਦਾ ਅਹੁਦਾ ਸੰਭਾਲਿਆ ਸੀ । ਉਨ੍ਹਾਂ ਨੂੰ ਇਕ ਸਤੰਬਰ 2020 ਨੂੰ ਚੋਣ ਕਮਿਸ਼ਨ ’ਚ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ।
ਜ਼ਿਕਰਯੋਗ ਹੈ ਕਿ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ’ਚ ਕੁੱਲ 22 ਜਵਾਨ ਸ਼ਾਮਲ ਹੁੰਦੇ ਹਨ, ਜਿਸ ਵਿਚ 4 ਜਾਂ 5 ਐੱਨਐੱਸਜੀ ਕਮਾਂਡੋ ਅਤੇ ਹਥਿਆਰਬੰਦ ਪੁਲਸ ਕਾਮੇ ਸ਼ਾਮਲ ਹੁੰਦੇ ਹਨ, ਜੋ ਕਰੀਬੀ ਲੜਾਈ ਦੀਆਂ ਕਈ ਵਿਧੀਆਂ ’ਚ ਪੂਰੀ ਤਰ੍ਹਾਂ ਨਿਪੁੰਨ ਹੁੰਦੇ ਹਨ । ਇਹ ਕਮਾਂਡੋ ਬਿਨਾਂ ਹਥਿਆਰ ਦੇ ਵੀ ਦੁਸ਼ਮਣ ਦਾ ਮੁਕਾਬਲਾ ਕਰਨ ’ਚ ਮਾਹਿਰ ਹੁੰਦੇ ਹਨ । ਇਸ ਲਈ ਇਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸ਼੍ਰੇਣੀ ਦੀ ਸੁਰੱਖਿਆ ਵਿਚ ਅਸਕਾਰਟ ਅਤੇ ਪਾਇਲਟ ਵਾਹਨ ਵੀ ਸ਼ਾਮਲ ਹੁੰਦੇ ਹਨ । ਐਨਐਸਜੀ ਕਮਾਂਡੋ ਟੁਕੜੀ ਤੋਂ ਇਲਾਵਾ ਸੁਰੱਖਿਆ ’ਚ ਸੀਆਰਪੀਐਫ (ਕੇਂਦਰੀ ਰਿਜ਼ਰਵ ਪੁਲਿਸ ਬਲ) ਅਤੇ ਆਈਟੀਬੀਪੀ (ਇੰਡੋ-ਤਿੱਬਤਨ ਬਾਰਡਰ ਪੁਲਿਸ ) ਦੇ ਜਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।
