ਜਲੰਧਰ 30 ਮਈ 2024 (ਪੰਜਾਬੀ ਖਬਰਨਾਮਾ) : ਚੋਣਾਂ ਦੌਰਾਨ ਸਥਾਪਤ ਪਾਰਟੀਆ ਦੇ ਉਮੀਦਵਾਰਾਂ ਦੀਆਂ ਚੋਣ ਮੀਟਿੰਗਾਂ ਤੇ ਰੈਲੀਆਂ ਦੀ ਕਵਰੇਜ ਲਈ ਮੀਡੀਆ ਵਿੰਗ ਬਣਾਏ ਗਏ ਹਨ ਜੋ ਉਨ੍ਹਾਂ ਦੇ ਬਿਆਨ ਤੇ ਚੋਣ ਪ੍ਰਚਾਰ ਬਾਰੇ ਪ੍ਰੈੱਸ ਬਿਆਨ ਤਿਆਰ ਕਰਦੇ ਹਨ। ਇਸ ਦੇ ਉਲਟ ਹਲਕੇ ਤੋਂ ਚੋਣ ਲੜ ਰਹੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜਿੱਥੇ ਸਾਰਾ ਦਿਨ ਹਲਕੇ ’ਚ ਚੋਣ ਮੀਟਿੰਗਾਂ ਕਰਦੇ ਹਨ, ਉਥੇ ਹੀ ਉਹ ਆਪਣਾ ਪ੍ਰੈੱਸ ਬਿਆਨ ਵੀ ਖੁਦ ਹੀ ਤਿਆਰ ਕਰਦੇ ਹਨ। ਬਲਵਿੰਦਰ ਕੁਮਾਰ ਜੋ ਕਿ ਪੱਤਰਕਾਰੀ ਦੇ ਖੇਤਰ ਤੋਂ ਸਿਆਸਤ ’ਚ ਆਏ ਹਨ, ਨੇ ਕਰੀਬ 8 ਸਾਲ ਵੱਖ-ਵੱਖ ਅਖਬਾਰਾਂ ’ਚ ਬਤੌਰ ਸਰਗਰਮ ਪੱਤਰਕਾਰ ਵਜੋਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ 2005 ’ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮਜੇਐੱਮਸੀ (ਮਾਸਟਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) ‘ਚ ਡਿਗਰੀ ਕੀਤੀ ਸੀ। ਇਸ ਉਪਰੰਤ ਉਹ ਜਲੰਧਰ ਦੇ ਵੱਖ-ਵੱਖ ਹਿੰਦੀ ਤੇ ਅੰਗਰੇਜ਼ੀ ਅਖਬਾਰਾਂ ’ਚ ਪੱਤਰਕਾਰੀ ਕਰਦੇ ਰਹੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਚੋਣਾਂ ਦੌਰਾਨ ਪੱਤਰਕਾਰੀ ਕਰਨ ਦਾ ਮੌਕਾ ਵੀ ਮਿਲਦਾ ਰਿਹਾ ਹੈ ਅਤੇ ਲੋਕ ਮੁੱਦਿਆਂ ’ਤੇ ਪੱਤਰਕਾਰੀ ਕਰਨ ਕਰਕੇ ਉਹ ਲੋਕ ਮਸਲਿਆਂ ਤੋਂ ਜਾਣੂ ਹਨ।
ਪੱਤਰਕਾਰੀ ਤੋਂ ਸਿਆਸਤ ਵੱਲ ਆਉਣ ਬਾਰੇ ਉਹ ਦੱਸਦੇ ਹਨ ਕਿ 2012 ’ਚ ਉਨ੍ਹਾਂ ਨੇ ਮੁੱਖ ਧਾਰਾ ਪੱਤਰਕਾਰੀ ਛੱਡ ਕੇ ਬੀਐਸਪੀ ਪੱਖੀ ਅਖਬਾਰ ’ਚ ਕੰਮ ਸ਼ੁਰੂ ਕੀਤਾ ਸੀ। ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੇ ਉਸ ਦੀ ਵਿਚਾਰਧਾਰਾ ਸਬੰਧੀ ਖਬਰਾਂ ਤੇ ਲੇਖ ਤਿਆਰ ਕਰਦੇ ਸਨ। ਡਾ. ਬੀਆਰ ਅੰਬੇਡਕਰ ਤੇ ਬਾਬੂ ਕਾਂਸ਼ੀ ਰਾਮ ਦੀਆ ਲਿਖਤਾਂ ਦਾ ਪਹਿਲਾਂ ਹੀ ਬਹੁਤ ਅਧਿਐਨ ਕੀਤਾ ਸੀ ਪਰ ਉਕਤ ਅਖਬਾਰ ਨਾਲ ਜੁੜਨ ਕਰਕੇ ਦੋਵਾਂ ਮਹਾਨ ਆਗੂਆਂ ਦੀ ਵਿਚਾਰਧਾਰਾ ਨਾਲ ਪੱਕੇ ਤੌਰ ’ਤੇ ਜੁੜ ਗਏ। ਇਸ ਦੌਰਾਨ ਉਨ੍ਹਾਂ ਦਾ ਵਾਹ-ਵਾਸਤਾ ਬਹੁਜਨ ਸਮਾਜ ਪਾਰਟੀ ਤੇ ਅੰਬੇਡਕਰੀ ਵਿਚਾਰਧਾਰਾ ਨੂੰ ਪ੍ਰਣਾਏ ਲੋਕਾਂ ਨਾਲ ਲਗਾਤਾਰ ਪੈਣ ਲੱਗ ਪਿਆ ਅਤੇ 2014 ’ਚ ਬਹੁਜਨ ਸਮਾਜ ਪਾਰਟੀ ਦੇ ਸੂਬਾਈ ਲੀਡਰਸ਼ਿਪ ਨੇ ਉਨ੍ਹਾਂ ਨੇ ਪਾਰਟੀ ਨਾਲ ਜੋੜ ਲਿਆ ਅਤੇ ਬਸਪਾ ਦਾ ਮੀਡੀਆ ਇੰਚਾਰਜ ਬਣਾ ਦਿੱਤਾ। ਫਿਰ ਪਾਰਟੀ ਨੇ ਉਨ੍ਹਾਂ ਨੇ 2017 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਮੈਦਾਨ ’ਚ ਉਤਾਰ ਦਿੱਤਾ। 2019 ਦੀਆਂ ਲੋਕ ਸਭਾ ਚੋਣਾਂ, 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਹੁਣ ਮੌਜੂਦਾ ਲੋਕ ਸਭਾ ਚੋਣਾਂ ’ਚ ਉਮੀਦਵਾਰ ਵਜੋਂ ਉਤਾਰਿਆ ਹੈ। ਬਲਵਿੰਦਰ ਕੁਮਾਰ ਕਹਿੰਦੇ ਹਨ ਕਿ ਸਾਰਾ ਦਿਨ ਚੋਣ ਪ੍ਰਚਾਰ ਕਰਨ ਦੌਰਾਨ ਉਨ੍ਹਾਂ ਨੂੰ ਹਲਕੇ ਅੰਦਰ ਕਾਫੀ ਸਫ਼ਰ ਕਰਨਾ ਪੈਂਦਾ ਹੈ ਪਰ ਸਵੇਰੇ ਘ੍ਰਰੋਂ ਤੁਰਨ ਤੋਂ ਪਹਿਲਾਂ ਜਾਂ ਦੇਰ ਰਾਤ ਘਰ ਪਰਤ ਕੇ ਉਹ ਆਪਣਾ ਪ੍ਰੈੱਸ ਬਿਆਨ ਤਿਆਰ ਕਰਦੇ ਹਨ ਜੋ ਕਿ ਮੀਡੀਆ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਹ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਤੇ ਲੀਡਰਾਂ ਵੱਲੋਂ ਦਿੱਤੇ ਗਏ ਬਿਆਨ ਵੀ ਧਿਆਨ ਨਾਲ ਪੜ੍ਹਦੇ ਹਨ। ਇਸ ਤਰ੍ਹਾਂ ਉਹ ਸਿਆਸਤ ਕਰਨ ਦੇ ਨਾਲ ਹੀ ਆਪਣੇ ਅੰਦਰਲੇ ਪੱਤਰਕਾਰ ਨੂੰ ਵੀ ਜਿਊਂਦਾ ਰੱਖ ਰਹੇ ਹਨ।