ਸ੍ਰੀ ਫ਼ਤਹਿਗੜ੍ਹ ਸਾਹਿਬ/17 ਅਪ੍ਰੈਲ(ਪੰਜਾਬੀ ਖ਼ਬਰਨਾਮਾ) :ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦੇ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਰੋਜ਼ਾ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਟੂਰ ਦੌਰਾਨ ਵਿਦਿਆਰਥੀਆਂ ਨੇ ਜਿੱਥੇ ਜੱਲਿਆਂ ਵਾਲਾ ਬਾਗ਼, ਦੁਰਗਿਆਣਾ ਮੰਦਿਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਉੱਥੇ ਹੀ ਸ਼ਾਮ ਸਮੇਂ ਵਾਹਗਾ ਬਾਰਡਰ ਦਾ ਦੌਰਾ ਕਰਕੇ ਰੀਟਰੀਟ ਸੈਰੇਮਨੀ ਦਾ ਆਨੰਦ ਵੀ ਮਾਣਿਆ। ਵਾਪਸੀ ਦੌਰਾਨ ਵਿਦਿਆਰਥੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਉੱਥੇ ਲੰਗਰ ਵੀ ਛੱਕਿਆ। ਕਾਲਜ ਮੁਖੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਜਿਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਉੱਥੇ ਹੀ ਵਿਦਿਆਰਥੀਆਂ ਦੇ ਮਨਾਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਵੀ ਪੈਦਾ ਕਰਦੇ ਹਨ।ਉਹਨਾਂ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਕਾਲਜ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ। ਉਨ੍ਹਾਂ ਨੇ ਟੂਰ ਦੇ ਚੰਗੇ ਪ੍ਰਬੰਧ ਲਈ ਜਿੱਥੇ ਡਾ. ਧਰਮਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਦੇ ਬਾਕੀ ਮੈਂਬਰਾਂ ਡਾ. ਸਤਿੰਦਰ ਕੌਰ ਅਤੇ ਪ੍ਰੋ. ਬਿੱਕਰਜੀਤ ਸਿੰਘ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਉੱਥੇ ਹੀ ਕਾਲਜ ਦੀਆਂ ਵਿਦਿਆਰਥਣਾਂ ਜਸ਼ਨ, ਨੈਨਸੀ ਬਾਜਵਾ, ਜਸਲੀਨ ਬਾਜਵਾ, ਕਿਰਨ, ਪੂਨਮ ਕੁਮਾਰੀ ਅਤੇ ਤਾਨੀਆ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਜਿਹਨਾਂ ਨੇ ਟੂਰ ਸਬੰਧੀ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ।