15 ਅਗਸਤ 2024 : ਜੰਮੂ ਕਸ਼ਮੀਰ ਹਾਈ ਕੋਰਟ ਨੇ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ਵਿੱਚ ਕਥਿਤ ਬੇਨੇਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੇ ਸਿਲਸਿਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲ੍ਹਾ ਤੇ ਹੋਰਾਂ ਖ਼ਿਲਾਫ਼ ਦਾਇਰ ਦੋਸ਼ ਪੱਤਰ ਅੱਜ ਖਾਰਜ ਕਰ ਦਿੱਤੇ ਹਨ। ਜਸਟਿਸ ਸੰਜੀਵ ਕੁਮਾਰ ਦੇ ਸਿੰਗਲ ਬੈਂਚ ਵੱਲੋਂ ਪਾਸ ਹੁਕਮਾਂ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੋਈ ਵੀ ਅਪਰਾਧ ਨਹੀਂ ਬਣਦਾ। ਇਸ ਲਈ ਈਡੀ ਵੱਲੋਂ ਦਾਇਰ ਦੋਸ਼ ਪੱਤਰ ਤੇ ਪੂਰਕ ਦੋਸ਼ ਪੱਤਰ ਰੱਦ ਕੀਤੇ ਜਾਂਦੇ ਹਨ। ਈਡੀ ਨੇ ਦੋਸ਼ ਪੱਤਰ ’ਚ ਨੈਸ਼ਨਲ ਕਾਨਫਰੰਸ ਦੇ ਮੁਖੀ ਅਬਦੁੱਲ੍ਹਾ, ਅਹਿਸਾਨ ਅਹਿਮਦ ਮਿਰਜ਼ਾ (ਜੇਕੇਸੀਏ ਦੇ ਸਾਬਕਾ ਖਜ਼ਾਨਚੀ), ਮੀਰ ਮਨਜ਼ੂਰ ਗਜ਼ਨਫਰ (ਜੇਕੇਸੀਏ ਦੇ ਇੱਕ ਹੋਰ ਸਾਬਕਾ ਖਜ਼ਾਨਚੀ) ਅਤੇ ਕੁਝ ਹੋਰਾਂ ਨੂੰ ਦੋਸ਼ੀ ਬਣਾਇਆ ਸੀ। ਦੋਸ਼ ਪੱਤਰ ’ਚ ਸੂਚੀਬੱਧ ਲੋਕਾਂ ਨੇ ਇਸ ਖ਼ਿਲਾਫ਼ ਹਾਈ ਕੋਰਟ ਦਾ ਰੁਖ਼ ਕੀਤਾ ਸੀ।