ਨਵੀਂ ਦਿੱਲੀ, 17 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਮਹਾਭਾਰਤ ‘ਚ ਕਰਣ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਪੰਕਜ ਧੀਰ ਦੇ ਦੇਹਾਂਤ ਨਾਲ ਪੂਰੀ ਇੰਡਸਟਰੀ ਨੂੰ ਗਹਿਰਾ ਝਟਕਾ ਲੱਗਿਆ ਹੈ। 68 ਸਾਲ ਦੇ ਇਸ ਅਦਾਕਾਰ ਨੂੰ ਆਖਰੀ ਵਿਦਾਈ ਦੇਣ ਲਈ ਸਲਮਾਨ ਖਾਨ ਤੋਂ ਲੈ ਕੇ ਸਿੱਧਾਰਥ ਮਲਹੋਤਰਾ ਤਕ, ਇੰਡਸਟਰੀ ਦੇ ਕਈ ਕਰੀਬੀ ਦੋਸਤ ਉਨ੍ਹਾਂ ਦੇ ਆਖਰੀ ਸਮੇਂ ‘ਚ ਉਨ੍ਹਾਂ ਦੇ ਨਾਲ ਰਹੇ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਮਹਾਭਾਰਤ ‘ਚ ਅਰਜੁਨ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਫਿਰੋਜ਼ ਖਾਨ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ, ਜਦੋਂਕਿ ਦੁਰਯੋਧਨ ਦਾ ਕਿਰਦਾਰ ਨਿਭਾਉਣ ਵਾਲੇ ਪੁਨੀਤ ਇੱਸਰ ਵੀ ਹੁਣ ਤਕ ਇਹ ਯਕੀਨ ਨਹੀਂ ਕਰ ਪਾ ਰਹੇ ਕਿ ਪੰਕਜ ਧੀਰ ਹੁਣ ਸਾਡੇ ਵਿਚਕਾਰ ਨਹੀਂ ਰਹੇ।
ਹਾਲ ਹੀ ‘ਚ, ਪੁਨੀਤ ਇੱਸਰ ਨੇ ਪੰਕਜ ਧੀਰ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਤੇ ਦੱਸਿਆ ਕਿ ਉਹ ਪਹਿਲਾਂ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਸਨ ਤੇ 2 ਦਿਨ ਪਹਿਲਾਂ ਹੀ ਉਨ੍ਹਾਂ ਦੀ ਮੁਲਾਕਾਤ ਹੋਈ ਸੀ।
ਇਕ ਵਾਰ ਠੀਕ ਹੋ ਚੁੱਕਾ ਸੀ ਪੰਕਜ ਧੀਰ ਦਾ ਕੈਂਸਰ
ਟਾਈਮਜ਼ ਆਫ਼ ਇੰਡੀਆ ਨਾਲ ਖਾਸ ਗੱਲਬਾਤ ਕਰਦਿਆਂ ਪੁਨੀਤ ਇੱਸਰ ਨੇ ਕਿਹਾ, “ਪੰਕਜ ਸਿਰਫ ਮਹਾਭਾਰਤ ‘ਚ ਹੀ ਮੇਰੇ ਭਰਾ ਨਹੀਂ ਸਨ, ਬਲਕਿ ਆਫ਼ ਸਕ੍ਰੀਨ ਵੀ ਸਨ। ਸਾਡੇ ਦੋਵਾਂ ਦੇ ਪਿਤਾ ਦੋਸਤ ਸਨ ਤੇ ਸਾਡਾ ਪਰਿਵਾਰ ਬਹੁਤ ਹੀ ਚੰਗੀ ਤਰ੍ਹਾਂ ਇਕ-ਦੂਜੇ ਨੂੰ ਜਾਣਦਾ ਸੀ। ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋਇਆ ਸੀ, ਪਰ ਉਹ ਇਕ ਵਾਰ ਠੀਕ ਹੋ ਗਏ ਸਨ, ਪਰ ਦੁੱਖ ਦੀ ਗੱਲ ਹੈ ਕਿ ਇਹ ਮੁੜ ਆ ਗਿਆ ਤੇ ਉਦੋਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅੱਜ ਮੈਂ ਆਪਣੇ ਭਰਾ ਨੂੰ ਗੁਆ ਬੈਠਾ ਹਾਂ”।
ਉਨ੍ਹਾਂ ਨਾਲ ਆਪਣੀ ਬਾਂਡਿੰਗ ਬਾਰੇ ਗੱਲ ਕਰਦਿਆਂ ਪੁਨੀਤ ਇੱਸਰ ਨੇ ਕਿਹਾ, “ਸਾਡੀ ਦੋਸਤੀ ਮਹਾਭਾਰਤ ‘ਚ ਇਕੱਠੇ ਕੰਮ ਕਰਦਿਆਂ ਗਹਿਰੀ ਹੋਈ ਸੀ”।
ਦੋ ਦਿਨ ਪਹਿਲਾਂ ਹੀ ਪੰਕਜ ਧੀਰ ਨਾਲ ਮੁਲਾਕਾਤ ਹੋਈ ਸੀ
ਆਪਣੇ ਕਰੀਬੀ ਦੋਸਤ ਬਾਰੇ ਗੱਲ ਕਰਦਿਆਂ ਪੁਨੀਤ ਇੱਸਰ ਨੇ ਅੱਗੇ ਕਿਹਾ, “ਉਹ ਮੈਨੂੰ ਪਿਆਰ ਨਾਲ ‘ਪੁਨੀਟੋਸ’ ਬੁਲਾਉਂਦੇ ਸਨ ਤੇ ਮੈਂ ਉਨ੍ਹਾਂ ਨੂੰ ‘ਪਿੰਕਸ’ ਕਹਿੰਦਾ ਸੀ। ਦੋ ਦਿਨ ਪਹਿਲਾਂ ਹੀ ਅਸੀਂ ਉਨ੍ਹਾਂ ਦੇ ਘਰ ‘ਤੇ ਮਿਲੇ ਸਨ। ਮੈਂ ਸੱਚਮੁੱਚ ਪੂਰੀ ਤਰ੍ਹਾਂ ਸ਼ੌਕਡ ਹਾਂ ਤੇ ਮੇਰੇ ਕੋਲ ਸ਼ਬਦਾਂ ਦੀ ਕਮੀ ਹੋ ਚੁੱਕੀ ਹੈ। ਅਸੀਂ ਦੋਵਾਂ ਨੇ ਇਕ ਦਹਾਕੇ ਤਕ ਜੋ ਚੰਗਾ ਸਮਾਂ ਬਿਤਾਇਆ ਹੈ, ਉਸ ਬਾਰੇ ਮੈਂ ਕਿੱਥੋਂ ਸ਼ੁਰੂ ਕਰਾਂ, ਮੈਨੂੰ ਨਹੀਂ ਪਤਾ। ਉਨ੍ਹਾਂ ਦਾ ਪੁੱਤਰ ਨਿਕਿਤਨ ਧੀਰ ਮੇਰੇ ਸਾਹਮਣੇ ਹੀ ਵੱਡਾ ਹੋਇਆ ਹੈ”।
ਤੁਹਾਨੂੰ ਦੱਸ ਦਈਏ ਕਿ ਪੰਕਜ ਧੀਰ ਦਾ ਹਿੰਦੀ ਸਿਨੇਮਾ ‘ਚ ਸਫਰ 40 ਸਾਲਾਂ ਦਾ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਪਰਦੇ ‘ਤੇ ਵੱਖ-ਵੱਖ ਕਿਰਦਾਰ ਨਿਭਾਏ ਹਨ। ਹਾਲਾਂਕਿ, ਉਨ੍ਹਾਂ ਨੂੰ ਸਭ ਤੋਂ ਵੱਧ ਲੋਕਾਂ ਦਾ ਪਿਆਰ ਮਹਾਭਾਰਤ ‘ਚ ਕਰਨ ਦੀ ਭੂਮਿਕਾ ਲਈ ਮਿਲਿਆ ਸੀ।