ਚੰਡੀਗੜ੍ਹ, 26 ਮਾਰਚ 2024 (ਪੰਜਾਬੀ ਖ਼ਬਰਨਾਮਾ ): ਅੱਜ ਚੰਡੀਗੜ੍ਹ ਕਲਾ ਭਵਨ ਵਿਖੇ ਸੁਚੇਤਕ ਰੰਗਮੰਚ ਵੱਲੋਂ ਵਿਸ਼ਵ ਰੰਗਮੰਚ ਦਿਵਸ ਪ੍ਰੋਗਰਾਮ ਮੌਕੇ ਲੇਖਕਾਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿੱਚ ਦੋਵੇਂ ਪੰਜਾਬਾਂ ਦੇ ਸਾਂਝੇ ਲੋਕ ਨਾਇਕ ਦੁੱਲ੍ਹਾ ਭੱਟੀ ਦੇ ਸ਼ਹੀਦੀ ਦਿਹਾੜੇ ਪੰਜਾਬੀ ਦੇ ਨਾਮਵਰ ਲੇਖਕ ਹਰਵਿੰਦਰ ਸਿੰਘ ਚੰਡੀਗੜ੍ਹ ਦਾ ਲਿਖਿਆ ਅਤੇ ਵੀਰ ਸੁਖਵੰਤ ਦਾ ਗਾਇਆ ਗੀਤ  “ਦੁੱਲ੍ਹਾ ਭੱਟੀ” ਰਲੀਜ਼ ਕੀਤਾ ਗਿਆ।ਇਸ ਰਲੀਜ਼ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੀਨੀਅਰ ਲੇਖਕ ਸ੍ਰੀ ਜੰਗ ਬਹਾਦਰ ਗੋਇਲ , ਗੀਤਕਾਰ ਹਰਵਿੰਦਰ ਸਿੰਘ ਚੰਡੀਗੜ੍ਹ, ਰੰਗਮੰਚ ਕਲਾਕਾਰ ਅਨੀਤਾ –ਸ਼ਬਦੀਸ਼ ਜੋੜੀ ਅਤੇ ਸੁਸ਼ੀਲ ਦੁਸਾਂਝ ਸ਼ਾਮਲ ਹੋਏ। ਇਸ ਮੌਕੇ ਗੀਤ ਲੇਖਕ ਹਰਵਿੰਦਰ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਦੁੱਲ੍ਹਾ ਭੱਟੀ ਦੋਵੇਂ ਪੰਜਾਬਾਂ ਦਾ ਸਾਂਝਾ ਨਾਇਕ ਹੈ ਜੋ ਪੰਜਾਬੀਅਤ ਦੀ ਮਾਨਵਵਾਦੀ ਖਾੜਕੂ ਵਿਚਾਰਧਾਰਾ ਵਾਲੀ ਪਰੰਪਰਾ ਦਾ ਧਰੂ ਤਾਰਾ ਹੈ ਜਿਸਨੇ ਮੁਗਲ ਹੁਕਮਰਾਨਾਂ ਵੱਲੋਂ ਪੰਜਾਬ ਦੀ ਕਿਸਾਨੀ ਅਤੇ ਅਮੀਰਾਂ ਵਜ਼ੀਰਾਂ ਵੱਲੋਂ ਧੀਆਂ ਭੈਣਾਂ ਨਾਲ ਹੁੰਦੀ ਧੱਕੇਸ਼ਾਹੀ ਖਿਲਾਫ਼ ਬਗਾਵਤ ਦਾ ਬਿਗਲ ਵਜਾ ਕੇ ਪੰਜਾਬ ਦੀ ਮਿੱਟੀ ਅਤੇ ਖੇਤਾਂ ਦੇ ਗੈਰਤਮਈ ਪੁੱਤ ਹੋਣ ਦਾ ਸਬੂਤ ਦਿੱਤਾ।ਉਹਨਾਂ ਨੇ ਇਹ ਵੀ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੇ ਅਜਿਹੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਉਣ ਲਈ ਲੇਖਕਾਂ ਅਤੇ ਗਾਇਕਾਂ ਨੂੰ ਅਜਿਹੇ ਸੂਰਮਿਆਂ ਬਾਰੇ ਗੀਤ ਲਿਖਣੇ ਅਤੇ ਗਾਉਣੇ ਚਾਹੀਦੇ ਹਨ ਜਿਹਨਾਂ ਨੇ ਲੋਕਾਂ ਦੀ ਧਿਰ ਬਣਕੇ ਇਨਸਾਨੀਅਤ ਦੇ ਇਤਿਹਾਸ ਦੇ ਕਈ ਸੁਨਿਹਰੀ ਵਰਕੇ ਲਿਖੇ ਪਰ ਉਹਨਾਂ ਦਾ ਜ਼ਿਕਰ ਇਤਿਹਾਸ ਕਿਸੇ ਵੀ ਪੰਨੇ ਦਰਜ ਨਹੀਂ, ਸਿਰਫ ਲੋਕਾਂ ਦੇ ਦਿਲਾਂ ਅਤੇ ਵਿਰਸੇ ਵਿੱਚ ਹੀ ਮਹਿਫ਼ੂਜ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।