10 ਸਤੰਬਰ 2024 : ਜ਼ਿਲ੍ਹਾ ਖੇਡ ਅਫਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2024 ਅਧੀਨ ਬਲਾਕ ਖਮਾਣੋਂ, ਅਮਲੋਹ, ਬਸੀ ਪਠਾਣਾ ਤੇ ਖੇੜਾ ਦੇ ਜਿਹੜੇ ਮੈਚ 10 ਸਤੰਬਰ ਨੂੰ ਕਰਵਾਏ ਜਾ ਰਹੇ ਹਨ। ਇਹ ਖੇਡ ਮੁਕਾਬਲੇ 10 ਸਤੰਬਰ ਤੋਂ 12 ਸਤੰਬਰ ਤੱਕ ਕਰਵਾਏ ਜਾਣੇ ਸਨ ਪ੍ਰੰਤੂ ਅੱਜ ਹੋਈ ਭਾਰੀ ਬਰਸਾਤ ਕਾਰਨ ਖੇਡ ਮੈਦਾਨ ਖਰਾਬ ਹੋ ਗਏ ਹਨ ਜਿਸ ਕਾਰਨ ਬਲਾਕ ਪੱਧਰੀ ਖੇਡਾਂ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਅੱਜ ਬਲਾਕ ਖਮਾਣੋਂ ਦੇ ਕਰਵਾਏ ਜਾਣ ਵਾਲੇ ਐਥਲੈਟਿਕਸ ਦੇ ਮੁਕਾਬਲੇ ਹੁਣ 12 ਸਤੰਬਰ ਨੂੰ ਖੇਡ ਸਟੇਡੀਅਮ ਉੱਚਾ ਜਟਾਣਾ ਵਿਖੇ ਕਰਵਾਏ ਜਾਣਗੇ ਜਦੋਂ ਕਿ ਅੱਜ ਕਰਵਾਏ ਜਾਣ ਵਾਲੇ ਖੋਹ-ਖੋਹ, ਕਬੱਡੀ ਤੇ ਵਾਲੀਬਾਲ ਦੇ ਮੁਕਾਬਲੇ ਹੁਣ ਸਕੂਲ ਆਫ ਐਮੀਨੈਂਸ ਖਮਾਣੋਂ ਵਿਖੇ 12 ਸਤੰਬਰ ਨੂੰ ਕਰਵਾਏ ਜਾਣਗੇ। ਇਸ ਤਰ੍ਹਾਂ ਬਲਾਕ ਅਮਲੋਹ ਦੇ 11 ਸਤੰਬਰ ਤੇ 12 ਸਤੰਬਰ ਨੂੰ ਕਰਵਾਏ ਜਾਣ ਵਾਲੇ ਐਥਲੈਟਿਕਸ, ਖੋਹ-ਖੋਹ ਅਤੇ ਕਬੱਡੀ (ਸਰਕਲ ਤੇ ਨੈਸ਼ਨਲ ਸਟਾਇਲ) ਦੇ ਮੁਕਾਬਲੇ 13 ਤੇ 14 ਸਤੰਬਰ ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਏ ਜਾਣਗੇ। ਜਦੋਂ ਕਿ ਵਾਲੀਬਾਲ ਤੇ ਫੁੱਟਬਾਲ ਦੇ ਮੁਕਾਬਲੇ ਸਕੂਲ ਆਫ ਐਮੀਨੈਂਸ ਅਮਲੋਹ ਵਿਖੇ ਕਰਵਾਏ ਜਾਣਗੇ।
ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ 11 ਤੇ 12 ਸਤੰਬਰ ਨੂੰ ਬਲਾਕ ਬਸੀ ਪਠਾਣਾ ਦੇ ਕਰਵਾਏ ਜਾਣ ਵਾਲੇ ਮੁਕਾਬਲੇ 14 ਸਤੰਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ਼ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾਣਗੇ। ਜਦੋਂ ਕਿ ਬਲਾਕ ਖੇੜਾ ਦੇ 11 ਤੇ 12 ਸਤੰਬਰ ਨੂੰ ਕਰਵਾਏ ਜਾਣ ਵਾਲੇ ਖੇਡ ਮੁਕਾਬਲੇ 14 ਸਤੰਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜ: ਕਾਲਜ਼ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾਣਗੇ।
