26 ਅਗਸਤ 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨਸ਼ਾ ਤਸਕਰੀ ਨਾ ਸਿਰਫ਼ ਭਾਰਤ ਲਈ ਚੁਣੌਤੀ ਹੈ ਬਲਕਿ ਇਹ ਆਲਮੀ ਮਸਲਾ ਵੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦੇਸ਼ ਇਸ ਅਲਾਮਤ ਨਾਲ ਦ੍ਰਿੜ੍ਹ ਸੰਕਲਪ ਤੇ ਮਜ਼ਬੂਤ ਰਣਨੀਤੀ ਨਾਲ ਹੀ ਲੜ ਸਕਦਾ ਹੈ।
ਛੱਤੀਸਗੜ੍ਹ ਦੇ ਨਵਾਂ ਰਾਜਪੁਰ ਵਿਚ ਇਕ ਹੋਟਲ ਵਿਚ ਬੈਠਕ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਤੇ ਇਸ ਅਲਾਮਤ ਨਾਲ ਸਿੱਝਣ ਲਈ ਚਾਰ ਫਾਰਮੂਲਿਆਂ ‘ਨਸ਼ਿਆਂ ਦੀ ਭਾਲ, ਨੈੱਟਵਰਕ ਤਬਾਹ ਕਰਨਾ, ਦੋਸ਼ੀਆਂ ਦੀ ਪਛਾਣ ਤੇ ਨਸ਼ੇ ਦੇ ਆਦੀ ਲੋਕਾਂ ਦਾ ਪੁਨਰਵਾਸ’ ਨੂੰ ਅਪਣਾਉਣ ਦੀ ਲੋੜ ਹੈ। ਸ਼ਾਹ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਦੇਸ਼ ਨੂੰ ਨਸ਼ਾ-ਮੁਕਤ ਬਣਾਉਣ ਦਾ ਅਹਿਦ ਲਿਆ ਹੈ। ਮੇਰਾ ਮੰਨਣਾ ਹੈ ਕਿ ਨਸ਼ਾ ਮੁਕਤ ਭਾਰਤ ਦਾ ਅਹਿਦ ਦੇਸ਼ ਨੂੰ ਖ਼ੁਸ਼ਹਾਲ, ਸੁਰੱਖਿਅਤ ਤੇ ਸ਼ਾਨਦਾਰ ਬਣਾਉਣ ਵਿਚ ਬਹੁਤ ਅਹਿਮ ਹੈ।’’ ਇਸ ਦੌਰਾਨ ਸ਼ਾਹ ਨੇ ਨਵਾਂ ਰਾਜਪੁਰ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਦਫ਼ਤਰ ਦਾ ਵਰਚੁਅਲੀ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ, ‘‘ਨਸ਼ਾ ਤਸਕਰੀ ਨਾ ਸਿਰਫ ਭਾਰਤ ਲਈ ਚੁਣੌਤੀ ਹੈ, ਸਗੋਂ ਇਹ ਆਲਮੀ ਸਮੱਸਿਆ ਵੀ ਹੈ। ਜੇ ਅਸੀਂ ਦ੍ਰਿੜ੍ਹਤਾ ਅਤੇ ਰਣਨੀਤੀ ਨਾਲ ਲੜਦੇ ਹਾਂ ਤਾਂ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਬਹੁਤੇ ਦੇਸ਼ ਇਸ ਖ਼ਿਲਾਫ਼ ਲੜਾਈ ਹਾਰ ਚੁੱਕੇ ਹਨ।’’