ਵਾਸ਼ਿੰਗਟਨ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ’ਚ ਅਧਿਕਾਰੀਆਂ ਨੇ ਕੋਕੀਨ ਤਸਕਰੀ ਦੇ ਇਕ ਵੱਡੇ ਮਾਮਲੇ ’ਚ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕੀ ਗ੍ਰਿਹ ਸੁਰੱਖਿਆ ਵਿਭਾਗ (ਡੀਐੱਚਐੱਸ) ਮੁਤਾਬਕ ਇੰਡੀਆਨਾ ਸੂਬੇ ’ਚ ਇਕ ਸੈਮੀ ਟਰੱਕ ਤੋਂ 309 ਪੌਂਡ ਕੋਕੀਨ ਬਰਾਮਦ ਕੀਤੀ ਗਈ। ਇਹ ਖੇਪ ਟਰੱਕ ਦੇ ਸਲੀਪਰ ਬਰਥ ’ਚ ਲੁਕਾ ਕੇ ਲਿਜਾਈ ਜਾ ਰਹੀ ਸੀ। ਸੰਯੁਕਤ ਰਾਜ ਅਮਰੀਕਾ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਨੇ ਦੱਸਿਆ ਕਿ ਚਾਰ ਜਨਵਰੀ ਨੂੰ ਗੁਰਪ੍ਰੀਤ ਸਿੰਘ (25) ਤੇ ਜਸਵੀਰ ਸਿੰਘ (30) ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ। ਦੋਵੇਂ ਅਮਰੀਕਾ ’ਚ ਟਰੱਕ ਚਲਾਉਂਦੇ ਹਨ। ਗੁਰਪ੍ਰੀਤ ਲੁਧਿਆਣਾ ਦੇ ਮਾਛੀਵਾੜਾ ਦਾ ਰਹਿਣ ਵਾਲਾ ਹੈ। ਦੋਵਾਂ ਨੂੰ ਇੰਡੀਆਨਾ ਦੇ ਪੁਟਨਮ ਕਾਊਂਟੀ ’ਚ ਸਥਾਨਕ ਅਧਿਕਾਰੀਆਂ ਨੇ ਨਸ਼ੀਲੇ ਪਦਾਰਥ ਤਸਕਰੀ ਨਾਲ ਜੁੜੇ ਦੋਸ਼ਾਂ ’ਚ ਹਿਰਾਸਤ ’ਚ ਲਿਆ ਸੀ। ਡੀਐੱਚਐੱਸ ਦਾ ਕਹਿਣਾ ਹੈ ਕਿ ਏਨੀ ਕੋਕੀਨ ਇਕ ਲੱਖ ਤੋਂ ਵੱਧ ਲੋਕਾਂ ਦੀ ਜਾਨ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੀ ਹੈ।
