ਨਵੀਂ ਦਿੱਲੀ , 8 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦ ’ਚ ਯਾਦਗਾਰ ਦੀ ਮੰਗ ਵਿਚਾਲੇ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਲਈ ਪਹਿਲਾਂ ਯਾਦਗਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਕ ਜਨਵਰੀ ਨੂੰ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ। ਬਿਨਾਂ ਕਿਸੇ ਮੰਗ ਦੇ ਸਰਕਾਰ ਵੱਲੋਂ ਯਾਦਗਾਰ ਬਣਾਉਣ ਦੇ ਫ਼ੈਸਲੇ ’ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਸ਼ਰਮਿਸ਼ਠਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਇਸ ਲਈ ਧੰਨਵਾਦ ਜ਼ਾਹਰ ਕੀਤਾ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ 2019 ’ਚ ਪ੍ਰਣਵ ਮੁਖਰਜੀ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕਰ ਚੁੱਕੀ ਹੈ।

ਸੂਤਰਾਂ ਮੁਤਾਬਕ, ਦਿੱਲੀ ’ਚ ਰਾਜਘਾਟ ਦੇ ਨੇੜੇ ਬਣਾਏ ਗਏ ‘ਰਾਸ਼ਟਰੀ ਯਾਦਗਾਰ ਸਥਾਨ’ ’ਚ ਪ੍ਰਣਬ ਮੁਖਰਜੀ ਦੀ ਯਾਦਗਾਰ ਲਈ ਜ਼ਮੀਨ ਦੀ ਪਛਾਣ ਕਰ ਲਈ ਗਈ ਹੈ। ਇਸ ਤੋਂ ਬਾਅਦ ਸ਼ਰਮਿਸ਼ਠਾ ਮੁਖਰਜੀ ਨੂੰ ਸੂਚਨਾ ਦਿੱਤੀ ਗਈ। ਪ੍ਰਣਬ ਮੁਖਰਜੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਇੰਦਰਾ ਗਾਂਧੀ ਤੋਂ ਲੈ ਕੇ ਮਨਮੋਹਨ ਸਿੰਘ ਦੀ ਸਰਕਾਰ ’ਚ ਅਹਿਮ ਮੰਤਰਾਲਿਆਂ ਦੇ ਮੰਤਰੀ ਰਹਿ ਚੁੱਕੇ ਹਨ। ਉਥੇ ਸ਼ਰਮਿਸ਼ਠਾ ਆਪਣੇ ਪਿਤਾ ਪ੍ਰਣਬ ਮੁਖਰਜੀ ਨੂੰ ਕਾਂਗਰਸ ’ਚ ਵਾਜਬ ਸਨਮਾਨ ਨਾ ਮਿਲਣ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਮਲਾਵਰ ਰਹੀ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਪ੍ਰਣਬ ਮੁਖਰਜੀ ਨੇ ਕਈ ਵਾਰ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਕਰਨ ਦੇ ਤਰੀਕੇ ਤੇ ਜਨੂਨ ਦੀ ਤਾਰੀਫ਼ ਕੀਤੀ ਸੀ।

ਸ਼ਰਮਿਸ਼ਠਾ ਨੇ ਆਪਣੇ ਪਿਤਾ ਦੇ ਨਾਂ ’ਤੇ ਯਾਦਗਾਰ ਬਣਨ ਦੀ ਜਾਣਕਾਰੀ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਰਾਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹੋ ਰਹੀ ਖ਼ੁਸ਼ੀ ਨੂੰ ਉਹ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੀ। ਉਨ੍ਹਾਂ ਮੁਤਾਬਕ ਇਹ ਪ੍ਰਧਾਨ ਮੰਤਰੀ ਮੋਦੀ ਦੀ ਉਦਾਰਤਾ ਹੈ ਕਿ ਉਨ੍ਹਾਂ ਨੇ ਬਿਨਾਂ ਮੰਗ ਦੇ ਵੀ ਸਾਬਕਾ ਰਾਸ਼ਟਰਪਤੀ ਦੇ ਨਾਂ ’ਤੇ ਯਾਦਗਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸ਼ਰਮਿਸ਼ਠਾ ਨੇ ਕਾਂਗਰਸ ਵੱਲੋਂ ਮਨਮੋਹਨ ਸਿੰਘ ਲਈ ਯਾਦਗਾਰ ਦੀ ਮੰਗ ’ਤੇ ਵਿਅੰਗ ਵੀ ਕੀਤਾ। ਉਨ੍ਹਾਂ ਮੁਤਾਬਕ ਪ੍ਰਣਬ ਮੁਖਰਜੀ ਹਮੇਸ਼ਾ ਕਹਿੰਦੇ ਸਨ ਕਿ ਸਰਕਾਰੀ ਸਨਮਾਨ ਕਦੀ ਨਹੀਂ ਮੰਗਣਾ ਚਾਹੀਦਾ, ਇਸ ਨੂੰ ਆਪਣੇ ਆਪ ਹੀ ਆਉਣਾ ਚਾਹੀਦਾ ਹੈ।

ਧਿਆਨ ਦੇਣ ਦੀ ਗੱਲ ਹੈ ਕਿ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਂ ’ਤੇ ਵੀ ਯਾਦਗਾਰ ਬਣਾਉਣ ਦਾ ਭਰੋਸਾ ਦਿੱਤਾ ਹੈ। ਸਰਕਾਰ ਮੁਤਾਬਕ ਇਸ ਲਈ ਟਰੱਸਟ ਦੇ ਗਠਨ ਤੋਂ ਬਾਅਦ ਜਲਦ ਹੀ ਜ਼ਮੀਨ ਦੀ ਪਛਾਣ ਤੇ ਅਲਾਟਮੈਂਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।