13 ਅਗਸਤ 2024 : 1947 ਤੋਂ ਪਹਿਲਾਂ ਜਨਮੇ ਲੋਕਾਂ ਨੂੰ 15 ਅਗਸਤ ਦੇ ਜਸ਼ਨਾਂ ਦਾ ਰੰਗ ਅੱਜ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਬਾਲ ਉਮਰ ਵਿੱਚ ਇਸ ਵੰਡ ਦੌਰਾਨ ਆਪਣੇ ਪੁਰਖਿਆਂ ,ਵੱਡਿਆਂ ਵਡੇਰਿਆਂ ਤੇ ਯਾਰਾਂ ਬੇਲੀਆਂ ‘ਤੇ ਹੋਏ ਖੂਨੀ ਕਾਰੇ ਦਾ ਖੌਫ਼ਨਾਕ ਮੰਜ਼ਰ ਅਤੇ ਮੌਤ ਦਾ ਤਾਂਡਵ ਯਾਦ ਕਰਕੇ ਬਟਵਾਰੇ ਦੌਰਾਨ ਹੋਈ ਕਤਲੋ ਗਾਰਤ ਦੇ ਜ਼ਖਮ ਹਰੇ ਹੋ ਜਾਂਦੇ ਹਨ। ਰਲਮਿਲ ਕੇ ਰਹਿਣ ਵਾਲੇ ਮੁਸਲਮਾਨ ਹਿੰਦੂ ਸਿੱਖ ਭਾਈਚਾਰੇ ਦੇ ਦੋਸਤਾਂ ਮਿੱਤਰਾਂ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਇਹ ਕਹਿਣਾ ਹੈ ਬਟਵਾਰੇ ਦਾ ਦਰਦ ਆਪਣੀਆਂ ਅੱਖਾਂ ਨਾਲ ਵੇਖਣ ਵਾਲੇ ਬਜ਼ੁਰਗਾਂ ਦਾ। ਕਲਾਨੌਰ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਮਹਿੰਦਰ ਸਿੰਘ ਅਰਲੀਭੰਨ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਇਨ੍ਹਾਂ ਨੇ ਆਪਣੀ ਆਪਬੀਤੀ ਦੱਸਦਿਆਂ ਵੰਡ ਕੇ ਦਰਦ ਨੂੰ ਸਾਂਝਾ ਕੀਤਾ।

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ (border district Gurdaspur, ) ਦੇ ਬਲਾਕ ਕਲਾਨੌਰ ਅਧੀਨ ਆਉਂਦੇ ਵਡਾਲਾ ਬਾਂਗਰ ਦੇ ਵਰਸੀਨ ਬਜ਼ੁਰਗ ਸਿੱਖਿਆ ਸ਼ਾਸਤਰੀ ਮਾਸਟਰ ਰਾਮ ਪ੍ਰਕਾਸ਼ ਨੇ ਭਾਰਤ ਪਾਕਿਸਤਾਨ ਦੀ ਵੰਡ ਦੇ ਦਰਦ (Pain of partition ) ਨੂੰ ਬਿਆਨ ਕਰਦਿਆਂ ਹੋਇਆ ਕਿਹਾ ਦੇਸ਼ ਆਜ਼ਾਦ ਹੋਣ ਉਪਰੰਤ ਸ਼ਕਰਗੜ ਤਹਿਸੀਲ ਤੇ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਦੇ ਹਿੱਸੇ ਆਉਣ ਦੀ ਖ਼ਬਰ ਸੁਣਦਿਆਂ ਹੀ ਮੁਸਲਮਾਨਾਂ ਨੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਪਿੰਡ ਵਡਾਲਾ ਬਾਂਗਰ ਤੋਂ ਇਲਾਵਾ ਨਾਲ ਲੱਗਦੇ ਪਿੰਡ ਸ਼ਾਹਪੁਰ ਅਮਰਗੜ, ਫਜ਼ਲਾਬਾਦ, ਲੁਕਮਾਨੀਆ, ਕੋਟ ਮੀਆਂ ਸਾਹਿਬ ਅਤੇ ਕਲਾਨੌਰ ਵਿੱਚ ਮੁਸਲਮਾਨਾਂ ਦਾ ਵੱਡਾ ਗੜ੍ਹ ਸੀ। ਇਸ ਦੌਰਾਨ ਮੁਸਲਮਾਨਾਂ ਦੇ ਖੌਫ ਤੋਂ ਹਿੰਦੂ ਸਿੱਖਾ ਪੂਰੀ ਤਰ੍ਹਾਂ ਡਰ ਗਏ ਸਨ ।

ਮਾਸਟਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਵਿੱਚ ਲੁਹਾਰ ਗੁਰਦਿੱਤਾ ਸਿੰਘ ਵੱਲੋਂ ਦਿਨ ਰਾਤ ਬਰਛੀਆਂ ਅਤੇ ਨੇਜ਼ੇ ਬਣਾਏ ਗਏ ਅਤੇ ਪਿੰਡ ਦੇ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਆਪਣੀ ਰੱਖਿਆ ਲਈ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਖੜ ਕੇ ਇਹ ਹਥਿਆਰ ਲੈਂਦੇ ਸਨ। ਮਾਸਟਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦਾ ਜਨਮ ਚਾਰ ਮਈ 1933 ਨੂੰ ਪਿੰਡ ਵਡਾਲਾ ਬਾਂਗਰ ਵਿਖੈ ਪਿਤਾ ਗੋਪਾਲ ਦਾਸ ਅਤੇ ਮਾਤਾ ਗਿਆਨ ਦੇਵੀ ਦੀ ਕੁੱਖੋਂ ਹੋਇਆ ਸੀ ਅਤੇ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਉਹ ਅੱਠਵੀਂ ਜਮਾਤ ਵਿੱਚ ਡੀਏਵੀ ਸਕੂਲ ਵਡਾਲਾ ਬਾਂਗਰ ਵਿੱਚ ਪੜ੍ਹਦਾ ਸੀ। ਆਸ ਪਾਸ ਦੇ ਪਿੰਡਾਂ ਵਿੱਚ ਮੁਸਲਮਾਨ ਭਾਈਚਾਰੇ ਦਾ ਪੂਰਾ ਬੋਲ ਬਾਲਾ ਹੋਣ ਕਾਰਨ ਪਿੰਡ ਨਾਨੋਹਾਰਨੀ ਵਿੱਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਅਹਿਮਦੀਨ, ਗੁਲਾਮ ਕਾਦਰ ਪਿੰਡ ਮੁਸਤਫਾਪੁਰ, ਅਹਿਮਦੀਨ ਪੁੱਤਰ ਨਜ਼ੀਰ ਅਹਿਮਦ ਪਿੰਡ ਸ਼ਾਹਪੁਰ ਅਮਰਗੜ ਮੇਰੇ ਨਾਲ ਅੱਠਵੀਂ ਜਮਾਤ ਵਿੱਚ ਪੜ੍ਹਦੇ ਸਨ। ਉਸ ਨੇ ਦੱਸਿਆ ਕਿ ਪਿੰਡ ਵਡਾਲਾ ਬਾਂਗਰ ਵਿੱਚ ਮੁਸਲਮਾਨ ਅਬਦੁਲ ਗਨੀ ਪ੍ਰਸਿੱਧ ਦਰਜੀ ਸੀ। ਇਸ ਪਿੰਡ ਵਿੱਚ ਮੁਸਲਮਾਨ ਤਹਿਸੀਲਦਾਰ ਅਤੇ ਉਸ ਦਾ ਬੇਟਾ ਏਅਰ ਫੋਰਸ ਵਿੱਚ ਅਧਿਕਾਰੀ ਵੀ ਸੀ।

ਵਡਾਲਾ ਬਾਂਗਰ ਦੇ ਮੁਸਲਮਾਨ ਕਾਰੀਗਰ ਹਲਵਾਈ, ਦਰਜੀ ਅਤੇ ਤਿੱਤਰ ਬਟੇਰੇ ਫੜਨ ਵਾਲੇ ਸ਼ਿਕਾਰੀਆਂ ਦੇ ਵੀ ਪਰਿਵਾਰ ਸਨ। ਮਾਸਟਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਪਿੰਡ ਦੇ ਮੁਸਲਮਾਨ 15 ਅਗਸਤ ਦੀ ਰਾਤ ਨੂੰ ਹੀ ਆਪਣੇ ਘਰ ਬਾਰ ਛੱਡ ਗਏ ਸਨ। ਪਿੰਡ ਦਲੇਰਪੁਰ ਦੇ ਨੇੜੇ ਗੁਰਦੁਆਰਾ ਬੁਲੰਦੀ ਸਾਹਿਬ ਦੇ ਖੂਹ ਵਿੱਚ ਮੁਸਲਮਾਨਾਂ ਦੀਆਂ ਲਾਸਾਂ ਦੇ ਢੇਰ ਲੱਗ ਗਏ ਸਨ। ਪਿੰਡ ਸ਼ਾਹਪੁਰ ਅਮਰਗੜ੍ਹ ਵਿੱਚ ਹਿੰਦੂਆਂ ਦਾ ਅਤੇ ਸਿੱਖਾਂ ਦਾ ਇੱਕ-ਇੱਕ ਹੀ ਘਰ ਸੀ ਜਦ ਕਿ ਬਾਕੀ ਸਾਰਾ ਪਿੰਡ ਮੁਸਲਮਾਨਾਂ ਦਾ ਸੀ। ਵੰਡ ਤੋਂ ਬਾਅਦ ਉਸ ਨਾਲ ਪੜਨ ਵਾਲੇ ਮੁਸਲਮਾਨ ਸਹਿਪਾਠੀ ਅਹਿਮਦੀਨ ਨੇ ਪਾਕਿਸਤਾਨ ਜਾ ਕੇ ਖਤ ਲਿਖਿਆ ਸੀ। ਇਸ ਤੋਂ ਬਾਅਦ ਕਦੇ ਵੀ ਅਹਿਮਦੀਨ ਦਾ ਉਸ ਨੂੰ ਖਤ ਨਹੀਂ ਆਇਆ ਪਰੰਤੂ ਅਹਿਮਦੀਨ ਅਤੇ ਹੋਰ ਯਾਰਾਂ ਬੇਲੀਆਂ ਦੀਆਂ ਯਾਦਾਂ ਅੱਜ ਵੀ ਅੱਖਾਂ ਸਾਹਮਣੇ ਘੁੰਮਦੀਆਂ ਰਹਿੰਦੀਆਂ ਹਨ। ਮਾਸਟਰ ਰਾਮ ਪ੍ਰਕਾਸ਼ ਨੇ ਦੱਸਿਆ ਕਿ 1 ਜੂਨ ਨੂੰ 1953 ਵਿੱਚ ਉਸ ਦਾ ਵਿਆਹ ਹੋਇਆ ਅਤੇ ਉਸ ਦੇ ਘਰ 3 ਪੁੱਤਰਾਂ ਅਤੇ ਇੱਕ ਬੇਟੀ ਦਾ ਜਨਮ ਹੋਇਆ।

ਪਾਕਿਸਤਾਨ ਵਿੱਚ ਸਨ ਮੁਸਲਮਾਨਾਂ ਤੇ ਹਿੰਦੂਆਂ ਦੇ ਵੱਖ ਵੱਖ ਖੂਹ

ਲਮੇਰੀ ਉਮਰ ਦੇ ਮਾਲਕ ਮਾਸਟਰ ਰਾਮ ਪ੍ਰਕਾਸ਼ ਦੀ ਪਤਨੀ ਚੰਪਾ ਰਾਣੀ ਨੇ (91) ਨੇ ਦੱਸਿਆ ਕਿ ਉਸ ਦਾ ਜਨਮ ਪਾਕਿਸਤਾਨ ਦੇ ਨਾਮਵਾਰ ਕਸਬੇ ਸ਼ਕਰਗੜ ਵਿੱਚ ਪਿਤਾ ਪੂਰਨ ਚੰਦ ਦੇ ਘਰ ਹੋਇਆ ਸੀ। ਵੰਡ ਤੋਂ ਪਹਿਲਾਂ ਮੇਰੇ ਪਿਤਾ ਵੱਲੋਂ ਮੇਰੀਆਂ ਵੱਡੀਆਂ ਭੈਣਾਂ ਦੇ ਵਿਆਹ ਦੀ ਤਿਆਰੀ ਤੋਂ ਇਲਾਵਾ ਮੇਰਾ ਵੀ ਦਹੇਜ ਦਾ ਸਮਾਨ ਤਿਆਰ ਕਰਕੇ ਰੱਖਿਆ ਹੋਇਆ ਸੀ। ਭੈਣਾਂ ਨੇ ਦਾਜ ਵਿੱਚ ਦੇਣ ਵਾਲੇ ਚਰਖਿਆਂ ਤੇ ਕੌਡੀਆਂ ਅਤੇ ਹੋਰ ਸਜਾਵਟੀ ਚੀਜ਼ਾਂ ਲਗਾਈਆਂ ਸਨ ਅਤੇ ਵੰਡ ਹੋਣ ਉਪਰੰਤ ਉਨਾਂ ਦੇ ਪਿਤਾ ਨੇ ਗਵਾਂਢੀ ਮੁਸਲਮਾਨ ਦੇ ਦੋ ਕਮਰਿਆਂ ਵਿੱਚ ਸਮਾਨ ਰੱਖਿਆ ਸੀ। ਪਿਤਾ ਦਾ ਕਹਿਣਾ ਸੀ ਕਿ ਬਾਅਦ ਵਿੱਚ ਆ ਜਾਣਾ ਹੈ ਪਰ ਅਫ਼ਸੋਸ ਖਾਲੀ ਹੱਥ ਹੀ ਆਉਣਾ ਪਿਆ। ਮਾਤਾ ਚੰਪਾ ਰਾਣੀ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਉਹਨਾਂ ਦੇ ਪਿੰਡ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਅਲੱਗ ਅਲੱਗ ਪਾਣੀ ਪੀਣ ਵਾਲੇ ਖੂਹ ਸਨ। ਅਸੀਂ ਕਦੇ ਕਦਾਈ ਚੋਰੀ ਚੋਰੀ ਮੁਸਲਮਾਨਾਂ ਵਾਲੇ ਖੂਹ ਤੋਂ ਪਾਣੀ ਭਰਦੀਆਂ ਸਨ ਤਾਂ ਸਾਨੂੰ ਘਰੋਂ ਝਿੜਕਾਂ ਪੈਂਦੀਆਂ ਸਨ।

ਮੁਸਲਮਾਨਾਂ ਨੇ ਪਹਿਲਾਂ ਵੱਢੀ ਸੀ ਹਿੰਦੂ ਸਿੱਖਾਂ ਦੀ ਗੱਡੀ

ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਜੌੜੀਆਂ ਖੁਰਦ ਦੇ ਜੰਮਪਲ ਸੁਲੱਖਣ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ ਬਟਵਾਰੇ ਤੋਂ ਪਹਿਲਾਂ ਪਿਤਾ ਹਜ਼ਾਰਾਂ ਸਿੰਘ ਅਤੇ ਮਾਤਾ ਬਲਵੰਤ ਕੌਰ ਦੀ ਕੁੱਖੋਂ 1940 ਵਿੱਚ ਹੋਇਆ ਸੀ। ਉਹ ਪੰਜ ਭਰਾ ਤੇ ਚਾਰ ਭੈਣਾਂ ਸਨ। ਪਿੰਡ ਜੌੜੀਆਂ ਖੁਰਦ ਵਿੱਚ ਕੇਵਲ ਦੋ ਜੁਲਾਹਾ ਪਰਿਵਾਰ ਨਾਲ ਸੰਬੰਧਿਤ ਮੁਸਲਮਾਨ ਪਰਿਵਾਰ ਰਹਿੰਦੇ ਸਨ ਅਤੇ ਵੰਡ ਹੋਣ ਉਪਰੰਤ ਸਾਡੇ ਪਰਿਵਾਰ ਦੇ ਬਜ਼ੁਰਗ ਅਤੇ ਆਂਢੀ ਗਵਾਂਢੀ ਮੁਸਲਮਾਨ ਅੱਲਾਹ ਰੱਖਾ ਅਤੇ ਦਿੱਤਾ ਦੇ ਪਰਿਵਾਰ ਨੂੰ ਜਿੱਥੇ ਇਸ ਵੇਲੇ ਕਰਤਾਰਪੁਰ ਕੋਰੀਡੋਰ ਬਣਿਆ ਹੈ। ਉਸ ਤੋਂ ਥੋੜੀ ਦੂਰ ਵਹਿੰਦੇ ਰਾਵੀ ਦਰਿਆ ਰਾਹੀਂ ਪਾਕਿਸਤਾਨ ਵਾਲੇ ਪਾਸੇ ਛੱਡ ਕੇ ਆਏ ਸਨ। ਭਾਵੇਂ ਉਸ ਸਮੇਂ ਉਸ ਦੀ ਉਮਰ ਸੱਤ ਅੱਠ ਸਾਲ ਸੀ ਪਰੰਤੂ ਉਸ ਦੇ ਦਰਦਨਾਕ ਮੰਜ਼ਰ ਅੱਜ ਵੀ ਅੱਖਾਂ ਮੂਹਰੇ ਘੁੰਮਦੇ ਹਨ। ਉਸ ਨੇ ਦੱਸਿਆ ਕਿ ਜਦੋਂ ਪਿੰਡ ਦੇ ਲੋਕ ਪਾਕਿਸਤਾਨ ਵਿੱਚ ਆਉਣ ਕਰਕੇ ਪੂਰੀ ਚਿੰਤਾ ਵਿੱਚ ਡੁੱਬੇ ਹੋਏ ਸਨ ਤਾਂ ਇਸ ਦੌਰਾਨ ਪਾਕਿਸਤਾਨ ਵਾਲੇ ਪਾਸੇ ਤੋਂ ਆਏ ਪਿਸ਼ੌਰ ਨਾਲ ਸੰਬੰਧਿਤ ਲੋਕਾਂ ਨੇ ਦੱਸਿਆ ਕਿ ਇਧਰ ਤੁਸੀਂ ਮੁਸਲਮਾਨਾਂ ਨੂੰ ਆਪਣੇ ਘਰਾਂ ਵਿੱਚ ਪਨਾਹ ਦੇ ਕੇ ਉਨ੍ਹਾਂ ਦੀ ਰਾਖੀ ਕਰ ਰਹੇ ਹੋ ਪ੍ਰੰਤੂ ਉਹ ਮੁਸਲਮਾਨ ਤਾਂ ਹਿੰਦੂ ਸਿੱਖਾਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਨੂੰ ਰੋਲਣ ਤੋਂ ਇਲਾਵਾ ਉਨ੍ਹਾਂ ਦੇ ਕਤਲ ਕਰ ਰਹੇ ਹਨ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਹਿੰਦੂ ਸਿੱਖਾਂ ਨੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਾਲੇ ਪਾਸੇ ਜਾਣ ਵਾਲੇ ਮੁਸਲਮਾਨਾਂ ਦੇ ਜਥਿਆਂ ਦੀ ਵੱਢ ਟੁੱਕ ਕਰਨੀ ਸ਼ੁਰੂ ਕਰ ਦਿੱਤੀ ਸੀ। ਸੁਲੱਖਣ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਅਤੇ ਆਸ ਪਾਸ ਦੇ ਖੇਤਰ ਵਿੱਚ ਮੁਸਲਮਾਨਾਂ ਦੇ ਬਜ਼ੁਰਗਾਂ, ਨੌਜਵਾਨਾਂ, ਬੱਚਿਆਂ ਅਤੇ ਔਰਤਾਂ ਦੀਆਂ ਲਾਸਾਂ ਦੇ ਢੇਰ ਲੱਗ ਗਏ ਸਨ। ਡੇਰਾ ਬਾਬਾ ਨਾਨਕ ਦੀ ਧਰਤੀ ਖੂਨ ਨਾਲ ਲਾਲੋ ਲਾਲ ਹੋ ਗਈ ਸੀ।

ਇੱਥੋਂ ਤੱਕ ਕੇ ਰਾਵੀ ਦਰਿਆ ‘ਚ ਲਾਸ਼ਾਂ ਦੇ ਢੇਰ ਲੱਗ ਗਏ ਸਨ। ਇਸ ਮੌਕੇ ਫੌਜ ਨੇ ਜਥਿਆਂ ਤੇ ਹਮਲੇ ਕਰਨ ਵਾਲੇ ਲੋਕਾਂ ਤੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਡੇਰਾ ਬਾਬਾ ਨਾਨਕ ਵਿੱਚ ਤੰਬੂ ਲਗਾ ਕੇ ਕੈਂਪ ਲੱਗ ਗਏ ਸਨ ਅਤੇ ਇੱਥੋਂ ਹੀ ਲੋਕ ਹੌਲੀ ਹੌਲੀ ਆਪ ਜਮੀਨਾਂ ਦੀ ਅਲਾਟਮੈਂਟ ਹੋਣ ਤੋਂ ਬਾਅਦ ਗਏ ਸਨ। ਸੁਲੱਖਣ ਸਿੰਘ ਨੇ ਦੱਸਿਆ ਕਿ ਵੰਡ ਦੌਰਾਨ ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਪੱਖੋਕੇ, ਜਲੋ ਨੰਗਲ, ਸਿੰਧਵ ਆਦਿ ਪਿੰਡ ਇਧਰ ਭਾਰਤ ਵਾਲੇ ਪਾਸੇ ਆ ਗਏ ਸਨ ਜਦ ਕਿ ਘਣੀਆਂ, ਸਹਾਰਨ, ਕਸੋਵਾਲ ਪਾਕਿਸਤਾਨ ਵਾਲੇ ਪਾਸੇ ਚੱਲ ਗਏ ਸਨ।

ਜੋ ਬਾਅਦ ਵਿੱਚ ਭਾਰਤ ਪਾਕਿਸਤਾਨ ਦੀ ਲੀਕ ਵੱਜਣ ਤੋਂ ਬਾਅਦ ਅਦਲਾ ਬਦਲੀ ਕੀਤੇ ਗਏ ਸਨ। ਲੱਖਾਂ ਸਿੰਘ ਨੇ ਦੱਸਿਆ ਕਿ ਵੰਡ ਦੌਰਾਨ ਗੋਰਾ ਨਾਗਾ ਸਾਬ ਨੇ ਗੋਲੀਆਂ ਚਲਾ ਕੇ ਕਈ ਸਿੱਖਾਂ ਹਿੰਦੂਆਂ ਦੀ ਜਾਨ ਲਈ ਸੀ ਅਤੇ ਬਾਅਦ ਵਿੱਚ ਸਾਡੇ ਰਿਸ਼ਤੇਦਾਰ ਸਵਰਨ ਸਿੰਘ ਜੋ ਕਪਤਾਨ ਦਾ ਡਰਾਈਵਰ ਸੀ ਨੇ ਕਲਾਨੌਰ ਦੇ ਰੱਕੜ ਵਿੱਚ ਜਾ ਕੇ ਕਈ ਲੋਕਾਂ ਦੇ ਸਹਿਯੋਗ ਨਾਲ ਉਸ ਦਾ ਜਵਾਬ ਦਿੱਤਾ ਸੀ ਅਤੇ ਉਸ ਦੀਆਂ ਗੋਲੀਆਂ ਖਤਮ ਹੋਣ ਤੇ ਉਹ ਪਾਕਿਸਤਾਨ ਵਾਲੇ ਪਾਸੇ ਭੱਜ ਗਿਆ ਸੀ। ਇਸ ਮੌਕੇ ਤੇ ਸੁਲੱਖਣ ਸਿੰਘ ਨੇ ਆਪਣੀ ਲੰਮੀ ਉਮਰ ਦਾ ਰਾਜ ਦੱਸਦਿਆਂ ਹੋਇਆ ਕਿਹਾ ਕਿ ਪਹਿਲੇ ਸਮਿਆਂ ਵਿੱਚ ਤਾਂ ਲੋਕ ਚਾਹ ਨਹੀਂ ਪੀਂਦੇ ਸਨ ਅਤੇ ਲੱਸੀ, ਦੁੱਧ ਘਿਓ ਖਾ ਕੇ ਹੱਡ ਭੰਨਵੀ ਮਿਹਨਤ ਕਰਦੇ ਸਨ ਪਰੰਤੂ ਹੁਣ ਲੋਕ ਖੁਰਾਕ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਕੰਮ ਘੱਟ ਕਰਨ ਕਰਕੇ ਲੋਕਾਂ ਦੀ ਉਮਰ ਵੀ ਘਟਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਵਾਨੀ ਵਿੱਚ ਚਾਰ ਕਨਾਲ ਝੋਨਾ ਇੱਕੋ ਵਾਰ ਲਗਾਤਾਰ ਲਗਾ ਕੇ 500 ਰੁਪਏ ਦੀ ਸ਼ਰਤ ਵੀ ਉਨ੍ਹਾਂ ਜਿੱਤੀ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।