9 ਅਗਸਤ 2024 : ਨਵੀਂ ਦਿੱਲੀ/ਚੇਨੱਈ: ਭਾਰਤੀ ਤੱਟ ਰੱਖਿਅਕ ਬਲ ਦੇ ਡਾਇਰੈਕਟਰ ਜਨਰਲ ਰਾਕੇਸ਼ ਪਾਲ ਦਾ ਦਿਲ ਦਾ ਦੌਰਾ ਪੈਣ ਕਾਰਨ ਅੱਜ ਚੇਨੱਈ ਦੇ ਇਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਨੇ ਲੰਘੇ ਸਾਲ 19 ਜੁਲਾਈ ਨੂੰ ਭਾਰਤੀ ਤੱਟ ਰੱਖਿਅਕ ਬਲ ਦੇ 25ਵੇਂ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਪਾਲ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਭਾਰਤੀ ਤੱਟ ਰੱਖਿਅਕ ਬਲ ਦੇ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਬੇਚੈਨੀ ਦੀ ਸ਼ਿਕਾਇਤ ਕੀਤੀ। ਉਪਰੰਤ ਉਨ੍ਹਾਂ ਨੂੰ ਸਰਕਾਰੀ ਰਾਜੀਵ ਗਾਂਧੀ ਜਨਰਲ ਹਸਪਤਾਲ (ਆਰਜੀਜੀਐੱਚ) ਵਿੱਚ ਭਰਤੀ ਕਰਵਾਇਆ ਗਿਆ। ਮਰਹੂਮ ਡੀਐੱਮਕੇ ਆਗੂ ਐੱਮ ਕਰੁਨਾਨਿਧੀ ਦੀ ਜਨਮ ਸ਼ਤਾਬਦੀ ਮੌਕੇ ਇਕ ਯਾਦਗਾਰੀ ਸਿੱਕਾ ਜਾਰੀ ਕਰਨ ਲਈ ਤਾਮਿਲਨਾਡੂ ਸਰਕਾਰ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮਾਗਮ ਤੋਂ ਬਾਅਦ ਡੀਜੀ ਰਾਕੇਸ਼ ਪਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਸਪਤਾਲ ਵੀ ਪਹੁੰਚੇ। ਅਧਿਕਾਰੀਆਂ ਨੇ ਕਿਹਾ ਕਿ ਪਾਲ ਦੀ ਮ੍ਰਿਤਕ ਦੇਹ ਦਿੱਲੀ ਲਿਆਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।