ਨਵੀਂ ਦਿੱਲੀ, 31 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਖ਼ਾਲਿਸਤਾਨੀ ਅੱਤਵਾਦੀ ਵੱਲੋਂ ਮਿਲੀ ਧਮਕੀ ਤੋਂ ਇਕ ਦਿਨ ਬਾਅਦ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਵੀਰਵਾਰ ਨੂੰ ਕਿਹਾ ਕਿ ਉਹ ਲੋਕਾਂ ਦੀ ਰਾਇ ਦੀ ਪਰਵਾਹ ਕੀਤੇ ਬਿਨਾਂ ਪਿਆਰ ਦਾ ਸੁਨੇਹਾ ਫੈਲਾਉਂਦੇ ਰਹਿਣਗੇ। 41 ਸਾਲਾ ਅਦਾਕਾਰ ਨੇ ਬੁੱਧਵਾਰ ਨੂੰ ਬ੍ਰਿਸਬੇਨ ਵਿਚ ਇਕ ਪੇਸ਼ਕਾਰੀ ਦਿੱਤੀ ਅਤੇ ਉਸ ਕਾਨਸਰਟ ਦੀ ਇਕ ਵੀਡੀਓ ਸਾਂਝਾ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਹਮੇਸ਼ਾ ਪਿਆਰ ਬਾਰੇ ਗੱਲ ਕਰਨੀ ਚਾਹੀਦੀ ਹੈ।
ਵੀਡੀਓ ਵਿਚ ਦਿਲਜੀਤ ਨੇ ਕਿਹਾ, ‘ਹਮੇਸ਼ਾ ਪਿਆਰ ਦੀ ਗੱਲ ਕਰਦੇ ਰਹੋ। ਮੇਰੇ ਲਈ ਇਹ ਧਰਤੀ ਇਕ ਹੈ। ਮੇਰੇ ਗੁਰੂ ਕਹਿੰਦੇ ਹਨ, ‘ਏਕ ਓਂਕਾਰ’ ਤਾਂ ਇਹ ਧਰਤੀ ਇਕ ਹੈ। ਮੈਂ ਇਸ ਧਰਤੀ ’ਤੇ ਜਨਮ ਲਿਆ ਹੈ। ਮੈਂ ਇਸ ਧਰਤੀ ਦੀ ਜਾਨ ਹਾਂ ਅਤੇ ਇਕ ਦਿਨ ਇਸ ਮਿੱਟੀ ਵਿਚ ਮਿਲ ਜਾਵਾਂਗਾ। ਮੇਰੇ ਵੱਲੋਂ ਸਾਰਿਆਂ ਲਈ ਸਿਰਫ਼ ਪਿਆਰ ਹੈ, ਭਾਵੇਂ ਮੇਰੇ ਤੋਂ ਕੋਈ ਸੜਦਾ ਹੋਵੇ ਜਾਂ ਮੈਨੂੰ ਟਰੋਲ ਕਰਦਾ ਹੋਵੇ। ਮੈਂ ਹਮੇਸ਼ਾ ਪਿਆਰ ਦਾ ਸੁਨੇਹਾ ਫੈਲਾਉਂਦਾ ਰਹਾਂਗਾ। ਮੈਨੂੰ ਇਸ ਦੀ ਪਰਵਾਹ ਨਹੀਂ ਕਿ ਕੋਈ ਇਸ ਬਾਰੇ ਕਿਵੇਂ ਮਹਿਸੂਸ ਕਰਦਾ ਹੈ।’ ਉਨ੍ਹਾਂ ਕਿਹਾ ਕਿ ਮਨੁੱਖ ਨੂੰ ਸਿਰਫ ਆਪਣੇ ਦਿਲ ਵਿਚ ਸੋਚਣਾ ਚਾਹੀਦਾ ਹੈ ਕਿ ਉਸ ਨੇ ਕੀ ਕਰਨਾ ਹੈ। ਭਗਵਾਨ ਉਸ ਨੂੰ ਪੂਰਾ ਕਰਨਗੇ। ਦਿਲਜੀਤ ਨੂੰ ਖ਼ਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਸਥਾਪਿਤ ‘ਸਿੱਖਸ ਫਾਰ ਜਸਟਿਸ’ ਨੇ ਧਮਕੀ ਦਿੱਤੀ ਸੀ।

 
  
              