Luxury Coffee

28 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਗਾਇਕੀ ਦੇ ਚਮਕਦੇ ਸਿਤਾਰੇ ਦਿਲਜੀਤ ਦੁਸਾਂਝ ਜਿੱਥੇ ਇੱਕ ਪਾਸੇ ਆਪਣੇ ਪ੍ਰਸ਼ੰਸਕਾਂ ਨੂੰ ਸਟੇਜੀ ਸ਼ੋਅ ਅਤੇ ਗਾਣਿਆਂ ਨਾਲ ਮੰਤਰ-ਮੁਗਧ ਕਰਕੇ ਰੱਖਦੇ ਹਨ, ਉੱਥੇ ਹੀ ਗਾਇਕ ਆਪਣੀਆਂ ਇੰਸਟਾਗ੍ਰਾਮ ਵੀਡੀਓਜ਼ ਕਾਰਨ ਵੀ ਪ੍ਰਸ਼ੰਸਕਾਂ ਵਿੱਚ ਹਰਮਨ ਪਿਆਰੇ ਬਣੇ ਰਹਿੰਦੇ ਹਨ।

ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿੱਥੇ ਗਾਇਕ ਕਾਫੀ ਮਹਿੰਗੀ ਕੌਫ਼ੀ ਪੀਂਦੇ ਨਜ਼ਰੀ ਪੈ ਰਹੇ ਹਨ, ਇਹ ਕੌਫ਼ੀ ਗਾਇਕ ਨੇ ਲੰਡਨ ਵਿੱਚ ਪੀਤੀ ਹੈ, ਜਿਸ ਦੀ ਕੀਮਤ ਭਾਰਤੀ ਰੁਪਏ ਅਨੁਸਾਰ ਪੂਰੇ 31000 ਹਜ਼ਾਰ ਹੈ, ਜਿਸ ਬਾਰੇ ਜਾਣਕਾਰੀ ਗਾਇਕ ਨੇ ਖੁਦ ਸਾਂਝੀ ਕੀਤੀ ਹੈ।

ਗਾਇਕ ਨੇ ਆਪਣੀ ਵੀਡੀਓ ਸ਼ੁਰੂ ਕੀਤੀ ਅਤੇ ਆਪਣੇ ਵੱਖਰੇ ਅੰਦਾਜ਼ ਵਿੱਚ ਕਿਹਾ, “ਅੱਜ ਮੈਂ ਲੰਡਨ ਦੀ ਸਭ ਤੋਂ ਮਹਿੰਗੀ ਕੌਫ਼ੀ ਪੀਣ ਆਇਆ ਹਾਂ। ਜਿਸਦਾ ਨਾਂਅ ਜਾਪਾਨ ਟਾਈਪਿਕਾ ਨੈਚੂਰਲ। ਇਹ 265 ਪੌਂਡ ਦੀ ਹੈ, ਭਾਰਤੀ ਪੈਸਿਆਂ ਅਨੁਸਾਰ 31 ਹਜ਼ਾਰ ਰੁਪਏ, ਇੰਨੇ ਪੈਸਿਆਂ ਵਿੱਚ ਤਾਂ ਮੈਂ ਭਾਰਤ ਵਿੱਚ ਵਿਆਹ ਦੇਖ ਲੈਣਾ ਸੀ।”

ਫਿਰ ਗਾਇਕ ਕਹਿੰਦੇ ਹਨ, ‘ਉਹ ਇੰਨੇ ਪੈਸੇ ਲੈਣ ਦੇ ਬਾਵਜੂਦ ਸਭ ਕੁਝ ਨਾਪ ਤੋਲ ਕੇ ਪਾ ਰਹੇ ਹਨ, ਡੋਲ੍ਹ ਨਾ ਦੇਣਾ ਬਹੁਤ ਜਿਆਦਾ ਪੈਸੇ ਲਾਏ ਹਨ। ਮੈਂ ਹੁਣ ਕੁਝ ਸ਼ੁੱਧ ਪੀਣ ਜਾ ਰਿਹਾ ਹਾਂ। ਮੈਂ ਅੱਜ ਰੋਟੀ ਨਹੀਂ ਖਾਵਾਂਗਾ।”

ਸੁਆਦ ਬਾਰੇ ਦੱਸਦੇ ਹੋਏ ਗਾਇਕ ਕਹਿੰਦੇ ਹਨ, ‘ਇਹ ਬਹੁਤ ਫਿੱਕੀ ਹੈ।’ ਇਸ ਤੋਂ ਬਾਅਦ ਗਾਇਕ ਨੇ ਕੌਫ਼ੀ ਆਪਣੇ ਟੀਮ ਮੈਂਬਰਾਂ ਨਾਲ ਵੀ ਸਾਂਝੀ ਕੀਤੀ। ਇੰਨਾ ਹੀ ਨਹੀਂ, ਦਿਲਜੀਤ ਨੂੰ ਲੰਡਨ ਵਿੱਚ ਕੁਝ ਪ੍ਰਸ਼ੰਸਕ ਵੀ ਮਿਲੇ ਅਤੇ ਉਸਨੇ ਕੈਫੇ ਤੋਂ ਬਾਹਰ ਨਿਕਲਦੇ ਹੀ ਉਨ੍ਹਾਂ ਦਾ ਸਵਾਗਤ ਕੀਤਾ।

ਉਲੇਖਯੋਗ ਹੈ ਕਿ ਜਾਪਾਨ ਟਾਈਪਿਕਾ ਨੈਚੂਰਲ ਇੱਕ ਉੱਚ-ਗੁਣਵੱਤਾ ਵਾਲੀ ਅਰੇਬਿਕਾ ਕਿਸਮ ਹੈ, ਜੋ ਆਪਣੀ ਚੰਗੀ ਗੁਣਵੱਤਾ ਲਈ ਜਾਣੀ ਜਾਂਦੀ ਹੈ। ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਕਾਫੀ ਸ਼ਾਨਦਾਰ ਕੁਮੈਂਟ ਕਰ ਰਹੇ ਹਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੁਸਾਂਝ ਨੇ ਨਵੇਂ ਸਾਲ ਦੇ ਆਸਪਾਸ ਵਿਸ਼ਵ-ਪ੍ਰਸਿੱਧ ਦਿਲ-ਲੂਮੀਨਾਟੀ ਟੂਰ ਦਾ ਆਪਣਾ ਭਾਰਤ ਪੜਾਅ ਪੂਰਾ ਕਰ ਲਿਆ ਅਤੇ ਹੁਣ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ। ਉਹ ਅਗਲੀ ਵਾਰ ‘ਬਾਰਡਰ 2’ ਵਿੱਚ ਸੰਨੀ ਦਿਓਲ, ਵਰੁਣ ਧਵਨ ਅਤੇ ਹੋਰਾਂ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ।

ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਉਸਨੇ ‘ਨੋ ਐਂਟਰੀ 2’ ਵੀ ਸਾਈਨ ਕਰ ਲਈ ਹੈ। ਇੰਨਾ ਹੀ ਨਹੀਂ ਉਹ ਪੰਜਾਬੀ ਫਿਲਮ ‘ਸਰਦਾਰਜੀ 3’ ਵਿੱਚ ਵੀ ਦਿਖਾਈ ਦੇਣਗੇ, ਜਿਸ ਵਿੱਚ ਉਹਨਾਂ ਦੇ ਨਾਲ ‘ਪਾਲੀਵੁੱਡ ਦੀ ਰਾਣੀ’ ਨੀਰੂ ਬਾਜਵਾ ਇੱਕ ਵਾਰ ਫਿਰ ਸਕ੍ਰੀਨ ਸਾਂਝੀ ਕਰਦੀ ਨਜ਼ਰੀ ਆਵੇਗੀ, ਫਿਲਮ ਇਸ ਸਾਲ ਰਿਲੀਜ਼ ਹੋ ਸਕਦੀ ਹੈ।

ਸੰਖੇਪ: ਦਿਲਜੀਤ ਦੁਸਾਂਝ ਨੇ ਪੀਤੀ 31 ਹਜ਼ਾਰ ਰੁਪਏ ਦੀ ਮਹਿੰਗੀ ਕੌਫ਼ੀ, ਜਿਸਦੀ ਖਾਸੀਅਤ ਹੈ ਵਿਸ਼ੇਸ਼ ਸਾਦਗੀ ਅਤੇ ਲੁਕਸ ਦਾ ਮਿਲਾਪ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।