ਚੰਡੀਗੜ੍ਹ, 17 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਰਿਸ਼ਵਤਕਾਂਡ ਵਿਚ ਫੜੇ ਗਏ ਪੰਜਾਬ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਸੀਬੀਆਈ ਦੇ ਆਦੇਸ਼ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਭੁੱਲਰ ਦੇ ਵਕੀਲ ਐਸ.ਪੀ.ਐਸ. ਭੁੱਲਰ ਨੇ ਕਿਹਾ ਕਿ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੋ ਚਾਲਾਨ ਦਾਖਲ ਕੀਤਾ ਹੈ, ਉਹ ਹਾਲੇ ਅਧੂਰਾ ਹੈ। ਉਨ੍ਹਾਂ ਨੂੰ ਸੀਐੱਫਐੱਸਐੱਲ ਦੀ ਰਿਪੋਰਟ ਅਤੇ ਕੁਝ ਦਸਤਾਵੇਜ਼ ਵੀ ਨਹੀਂ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਸੀਬੀਆਈ ਨੇ ਭੁੱਲਰ ਦੇ ਖ਼ਿਲਾਫ਼ ਕੇਸ ਚਲਾਉਣ ਲਈ ਸੂਬਾ ਸਰਕਾਰ ਤੋਂ ਵੀ ਮਨਜ਼ੂਰੀ ਨਹੀਂ ਲੀਤੀ। ਇਸ ਸਥਿਤੀ ਵਿਚ ਭੁੱਲਰ ’ਤੇ ਕੇਸ ਚਲਾਉਣ ਲਈ ਸੀਬੀਆਈ ਕੋਰਟ ਵੱਲੋਂ ਨੋਟਿਸ ਲੈਣਾ ਸਹੀ ਨਹੀਂ ਹੈ। ਉਨ੍ਹਾਂ ਦੇ ਨਾਲ-ਨਾਲ ਵਿਚੌਲੇ ਕ੍ਰਿਸ਼ਨੁ ਸ਼ਾਰਦਾ ਨੇ ਵੀ ਇਸ ਆਦੇਸ਼ ਨੂੰ ਚੁਣੌਤੀ ਦਿੱਤੀ ਹੈ। ਦੋਹਾਂ ਅਰਜ਼ੀਆਂ ‘ਤੇ ਜਵਾਬ ਲਈ ਸੀਬੀਆਈ ਕੋਰਟ ਨੇ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ‘ਤੇ 27 ਮਾਰਚ ਨੂੰ ਸੁਣਵਾਈ ਹੋਵੇਗੀ।
ਇਸ ਤੋਂ ਪਹਿਲਾਂ 13 ਮਾਰਚ ਨੂੰ ਸੀਬੀਆਈ ਅਦਾਲਤ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਮੁਕੱਦਮਾ ਚਲਾਉਣ ਲਈ ਨੋਟਿਸ ਲਿਆ ਸੀ। ਪਿਛਲੇ ਮਹੀਨੇ ਹੀ ਸੀਬੀਆਈ ਨੂੰ ਭੁੱਲਰ ਵਿਰੁੱਧ ਕੇਸ ਚਲਾਉਣ ਲਈ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਮਿਲੀ ਸੀ। ਭੁੱਲਰ ਆਈਪੀਐੱਸ ਅਧਿਕਾਰੀ ਹਨ, ਇਸ ਲਈ ਉਨ੍ਹਾਂ ਵਿਰੁੱਧ ਕੇਸ ਚਲਾਉਣ ਲਈ ਸੀਬੀਆਈ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਦੀ ਜ਼ਰੂਰਤ ਸੀ। ਹਾਲਾਂਕਿ ਉਨ੍ਹਾਂ ਦੇ ਵਕੀਲ ਨੇ ਕਿਹਾ ਸੀ ਕਿ ਉਹ ਇਸ ਸਮੇਂ ਪੰਜਾਬ ਵਿਚ ਤਾਇਨਾਤ ਹਨ ਤੇ ਸੂਬਾ ਸਰਕਾਰ ਤੋਂ ਮਨਜ਼ੂਰੀ ਲੈਣੀ ਚਾਹੀਦੀ ਹੈ।
