(ਪੰਜਾਬੀ ਖਬਰਨਾਮਾ): ਮਾਨਸੂਨ ਸ਼ੁਰੂ ਹੋ ਚੁੱਕਾ ਹੈ, ਇਸ ਮੌਸਮ ਵਿਚ ਸ਼ੂਗਰ ਦੇ ਮਰੀਜ਼ਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿੱਚ ਲਗਾਤਾਰ ਬਦਲਾਅ ਹੁੰਦਾ ਹੈ ਅਤੇ ਹਵਾ ਵਿੱਚ ਨਮੀ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਪਾਣੀ ਦੀ ਗੰਦਗੀ ਜਲਦੀ ਫੈਲਦੀ ਹੈ।
ਇਸ ਕਾਰਨ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਹੋ ਸਕਦੇ ਹਨ। ਇਸ ਮੌਸਮ ‘ਚ ਬਲੱਡ ਸ਼ੂਗਰ, ਲੱਤਾਂ ‘ਚ ਛਾਲੇ, ਪਿਸ਼ਾਬ ਨਾਲੀ ‘ਚ ਇਨਫੈਕਸ਼ਨ ਅਤੇ ਸਕਿਨ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਮੌਸਮ ਵਿੱਚ ਛੋਟੀ ਜਿਹੀ ਲਾਪਰਵਾਹੀ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਇਸ ਬਾਰੇ ਅਪੋਲੋ ਡਾਇਗਨੌਸਟਿਕਸ, ਦਿੱਲੀ ਦੇ ਕੰਸਲਟੈਂਟ ਪੈਥੋਲੋਜਿਸਟ ਡਾ. ਤਨਿਸ਼ ਮੰਡਲ ਨੇ ਨਿਊਜ਼18 ਨੂੰ ਬਹੁਤ ਕਮਾਲ ਦੀ ਜਾਣਕਾਰੀ ਦਿੱਤੀ ਹੈ, ਆਓ ਜਾਣਦੇ ਹਾਂ ਇਸ ਬਾਰੇ।
ਡਾ. ਤਨਿਸ਼ ਮੰਡਲ ਨੇ ਦੱਸਿਆ ਕਿ ਮਾਨਸੂਨ ਦੌਰਾਨ ਸ਼ੂਗਰ ਦੇ ਮਰੀਜ਼ਾਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਬਰਸਾਤ ਦੇ ਮੌਸਮ ਵਿੱਚ ਨਮੀ ਅਤੇ ਪਾਣੀ ਵਧਣ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਦਾ ਇਮਿਊਨ ਸਿਸਟਮ ਪਹਿਲਾਂ ਹੀ ਕਮਜ਼ੋਰ ਹੁੰਦੀ ਹੈ ਅਤੇ ਇਨ੍ਹਾਂ ਬਿਮਾਰੀਆਂ ਕਾਰਨ ਇਮਿਊਨਿਟੀ ਹੋਰ ਵੀ ਕਮਜ਼ੋਰ ਹੋ ਸਕਦੀ ਹੈ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ, ਸਕਿਨ ਦੀ ਇਨਫੈਕਸ਼ਨ, ਪੈਰਾਂ ਦੇ ਛਾਲੇ, ਯੂਟੀਆਈ ਅਤੇ ਡਾਇਬੀਟਿਕ ਨਿਊਰੋਪੈਥੀ ਤੋਂ ਪੀੜਤ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਹਰ ਮਹੀਨੇ 80 ਤੋਂ 100 ਅਜਿਹੇ ਮਰੀਜ਼ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਹਸਪਤਾਲ ਆ ਰਹੇ ਹਨ।
ਡਾਕਟਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸ਼ੂਗਰ ਦੇ ਮਰੀਜ਼ਾਂ ਦਾ ਬਲੱਡ ਸ਼ੂਗਰ ਲੈਵਲ ਵੀ ਸਟੇਬਲ ਨਹੀਂ ਰਹਿੰਦਾ ਹੈ। ਇਸ ਨੂੰ ਕੰਟਰੋਲ ਕਰਨ ਲਈ ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਨੂੰ ਸਮੇਂ ਸਿਰ ਲਓ ਅਤੇ ਆਪਣੀ ਖੁਰਾਕ ਦਾ ਧਿਆਨ ਰੱਖੋ। ਰੋਜ਼ਾਨਾ ਬਲੱਡ ਸ਼ੂਗਰ ਦੀ ਜਾਂਚ ਕਰੋ ਅਤੇ ਹਰ ਤਿੰਨ ਮਹੀਨਿਆਂ ਵਿੱਚ HbA1C ਟੈਸਟ ਕਰਵਾਓ। ਕਈ ਮਰੀਜ਼ ਸਮੇਂ ‘ਤੇ ਆਪਣੀ ਜਾਂਚ ਨਹੀਂ ਕਰਵਾਉਂਦੇ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਗੰਭੀਰ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਨਿਯਮਤ ਜਾਂਚ ਕਰਵਾਉਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਅਤੇ ਪੈਰਾਂ ਦੇ ਛਾਲਿਆਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ। ਨਾਲ ਹੀ, ਸਕਿਨ ਦੀ ਇਨਫੈਕਸ਼ਨ ਨੂੰ ਦੂਰ ਰੱਖਣਾ ਆਸਾਨ ਹੋ ਸਕਦਾ ਹੈ।
ਸ਼ੂਗਰ ਰੋਗੀਆਂ ਨੂੰ ਕਿਵੇਂ ਕਰਨਾ ਚਾਹੀਦਾ ਹੈ ਆਪਣਾ ਬਚਾਅ: ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਮੌਸਮ ‘ਚ ਕਾਫੀ ਮਾਤਰਾ ‘ਚ ਪਾਣੀ ਪੀਣਾ ਚਾਹੀਦਾ ਹੈ ਅਤੇ ਸ਼ੂਗਰ ਲੈਵਲ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਬਰਸਾਤ ਦੇ ਮੌਸਮ ਵਿੱਚ, ਵਾਰ-ਵਾਰ ਹੱਥ ਧੋਣ ਦੇ ਨਾਲ-ਨਾਲ ਆਪਣੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਸਮ ਵਿੱਚ ਸ਼ੂਗਰ ਦੇ ਮਰੀਜ਼ਾਂ ਨੂੰ ਨੰਗੇ ਪੈਰੀਂ ਤੁਰਨ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ ਪੈਰਾਂ ਨੂੰ ਸਾਫ਼ ਅਤੇ ਸੁੱਕਾ ਰੱਖਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਪੈਰਾਂ ਦੇ ਛਾਲਿਆਂ ਤੋਂ ਬਚਣ ਲਈ ਚੰਗੀ ਕੁਆਲਿਟੀ ਦੇ ਆਰਾਮਦਾਇਕ ਜੁੱਤੇ ਪਹਿਨੋ। ਸ਼ੂਗਰ ਦੇ ਮਰੀਜ਼ਾਂ ਵਿੱਚ ਇੱਕ ਛੋਟਾ ਜਿਹਾ ਜ਼ਖ਼ਮ ਵੀ ਨਾ ਠੀਕ ਹੋਣ ਵਾਲੀ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਸ਼ੂਗਰ ਦੇ ਰੋਗੀਆਂ ਨੂੰ ਇਸ ਮੌਸਮ ਵਿੱਚ ਸਾਫ਼-ਸੁਥਰੇ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਦਾ ਸੇਵਨ ਕਰਨਾ ਚਾਹੀਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਰੋਜ਼ਾਨਾ ਘਰ ਵਿੱਚ ਕਸਰਤ ਕਰਨੀ ਚਾਹੀਦੀ ਹੈ ਅਤੇ ਘਰ ਦਾ ਬਣਿਆ ਤਾਜ਼ਾ ਭੋਜਨ ਖਾਣਾ ਚਾਹੀਦਾ ਹੈ।