ਨਵੀਂ ਦਿੱਲੀ, 11 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਇਸ ਸਮੇਂ ਹਸਪਤਾਲ ‘ਚ ਦਾਖ਼ਲ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦੀ ਦੇਖ-ਰੇਖ ‘ਚ 89 ਸਾਲਾ ਧਰਮਿੰਦਰ ਦੀ ਹਾਲਤ ਸਥਿਰ ਦੱਸ ਜਾ ਰਹੀ ਹੈ। ਬ੍ਰੀਚ ਕੈਂਡੀ ਹਸਪਤਾਲ ‘ਚ ਧਰਮਿੰਦਰ ਹਨ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਹੈ। ਹੇਮਾ ਮਾਲਿਨੀ ਤੋਂ ਇਲਾਵਾ, ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਨੂੰ ਵੀ ਹਾਲ ਹੀ ‘ਚ ਹਸਪਤਾਲ ਦੇ ਬਾਹਰ ਦੇਖਿਆ ਗਿਆ ਤੇ ਹੁਣ ਧਰਮਿੰਦਰ ਦੀ ਸਿਹਤ ਬਾਰੇ ਨਵਾਂ ਅਪਡੇਟ ਆਇਆ ਹੈ।
ਧਰਮਿੰਦਰ ਦੀ ਹਾਲਤ ‘ਚ ਹੋ ਰਿਹਾ ਸੁਧਾਰ
ਜਾਣਕਾਰੀ ਅਨੁਸਾਰ, ਧਰਮਿੰਦਰ ਦੀ ਹਾਲਤ ‘ਚ ਹੁਣ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਸੰਨੀ ਦਿਓਲ ਦੀ ਟੀਮ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਐਨਡੀਟੀਵੀ ‘ਚ ਛਪੀ ਰਿਪੋਰਟ ਮੁਤਾਬਕ, ਸੰਨੀ ਦਿਓਲ ਦੀ ਟੀਮ ਨੇ ਧਰਮਿੰਦਰ ਦੀ ਸਿਹਤ ਬਾਰੇ ਅਪਡੇਟ ਦਿੱਤਾ ਹੈ ਤੇ ਕਿਹਾ ਹੈ, “ਧਰਮਿੰਦਰ ਸਰ ਠੀਕ ਹੋ ਰਹੇ ਹਨ ਤੇ ਇਲਾਜ ਦਾ ਅਸਰ ਹੋ ਰਿਹਾ ਹੈ, ਅਸੀਂ ਸਾਰੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕਰ ਰਹੇ ਹਾਂ। ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰੋ।” ਧਰਮਿੰਦਰ ਦੇ ਸਿਹਤ ਅਪਡੇਟ ‘ਚ ਕਿਹਾ ਗਿਆ ਹੈ ਕਿ ਉਹ ਪ੍ਰਤੀਕਿਰਿਆ ਦੇ ਰਹੇ ਹਨ ਤੇ ਪਰਿਵਾਰ ਨੂੰ ਚਮਤਕਾਰ ਦੀ ਉਮੀਦ ਹੈ। ਹੌਲੀ-ਹੌਲੀ ਹੀ ਸਹੀ, ਪਰ ਧਰਮਿੰਦਰ ਹੁਣ ਪ੍ਰਤੀਕਿਰਿਆ ਦੇ ਰਹੇ ਹਨ।
ਉੱਥੇ ਹੀ, ਪਿਛਲੀ ਰਾਤ ਤੋਂ ਸਿਤਾਰਿਆਂ ਦਾ ਆਉਣਾ-ਜਾਣਾ ਜਾਰੀ ਹੈ। ਕਈ ਸਿਤਾਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਪਹੁੰਚੇ। ਉੱਥੇ ਹੀ ਦੱਸਿਆ ਗਿਆ ਹੈ ਕਿ ਹਸਪਤਾਲ ‘ਚ ਧਰਮਿੰਦਰ ਨੂੰ ਮਿਲਣ ਲਈ ਸਲਮਾਨ ਖਾਨ, ਸ਼ਾਹਰੁਖ ਖਾਨ ਤੇ ਗੋਵਿੰਦਾ ਪਹੁੰਚੇ ਸਨ। ਪਰ ਉਸ ਸਮੇਂ ਧਰਮਿੰਦਰ ਆਈਸੀਯੂ ‘ਚ ਸਨ ਅਤੇ ਇਸ ਕਾਰਨ ਇਹ ਸਾਰੇ ਧਰਮਿੰਦਰ ਨੂੰ ਨਹੀਂ ਮਿਲ ਸਕੇ।
