ਕਾਠਮੰਡੂ(ਪੰਜਾਬੀ ਖਬਰਨਾਮਾ): ਨੇਪਾਲ ਵਿੱਚ ਕੂਦਰਤ ਨੇ ਤਬਾਹੀ ਮਚਾ ਦਿੱਤੀ ਹੈ। ਨੇਪਾਲ ਵਿੱਚ ਜ਼ਮੀਨ ਖਿਸਕਣ ਨੇ ਅਜਿਹੀ ਤਬਾਹੀ ਮਚਾਈ ਕਿ ਹਾਹਾਕਾਰ ਮੱਚ ਗਈ। ਨੇਪਾਲ ‘ਚ ਜ਼ਮੀਨ ਖਿਸਕਣ ਕਾਰਨ ਯਾਤਰੀਆਂ ਨਾਲ ਭਰੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ‘ਚ ਵਹਿ ਗਈਆਂ। ਇਨ੍ਹਾਂ ਦੋਵਾਂ ਬੱਸਾਂ ਵਿੱਚ ਸਵਾਰ 63 ਲੋਕ ਲਾਪਤਾ ਦੱਸੇ ਜਾਂਦੇ ਹਨ। ਫਿਲਹਾਲ ਬਚਾਅ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਬਚਾਅ ਦੀ ਲੜਾਈ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਇਕ ਬੱਸ ਬੀਰਗੰਜ ਤੋਂ ਕਾਠਮੰਡੂ ਜਾ ਰਹੀ ਸੀ ਅਤੇ ਦੂਜੀ ਬੱਸ ਗੌਰ ਤੋਂ ਕਾਠਮੰਡੂ ਜਾ ਰਹੀ ਸੀ। ਇਹ ਹਾਦਸਾ ਪਹਾੜ ‘ਤੇ ਢਿੱਗਾਂ ਡਿੱਗਣ ਕਾਰਨ ਵਾਪਰਿਆ। ਇਹ ਘਟਨਾ ਤੜਕੇ 3.30 ਵਜੇ ਨਰਾਇਣਘਾਟ ਅਤੇ ਮੁਗਲਿੰਗ ਵਿਚਕਾਰ ਵਾਪਰੀ। ਇਸ ਹਾਦਸੇ ਵਿੱਚ ਕਈਆਂ ਦੀ ਮੌਤ ਹੋਣ ਦਾ ਖਦਸ਼ਾ ਹੈ। ਮਰਨ ਵਾਲਿਆਂ ਵਿੱਚ ਕਈ ਭਾਰਤੀ ਵੀ ਸ਼ਾਮਲ ਹਨ।
ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਦੱਸਿਆ, ‘ਮੁਢਲੀ ਜਾਣਕਾਰੀ ਮੁਤਾਬਕ ਦੋਵੇਂ ਬੱਸਾਂ ‘ਚ ਬੱਸ ਡਰਾਈਵਰ ਸਮੇਤ ਕੁੱਲ 63 ਲੋਕ ਸਵਾਰ ਸਨ। ਢਿੱਗਾਂ ਡਿੱਗਣ ਕਾਰਨ ਸਵੇਰੇ ਸਾਢੇ ਤਿੰਨ ਵਜੇ ਬੱਸਾਂ ਤ੍ਰਿਸ਼ੂਲ ਨਦੀ ਵਿੱਚ ਰੁੜ੍ਹ ਗਈਆਂ। ਅਸੀਂ ਘਟਨਾ ਸਥਾਨ ‘ਤੇ ਹਾਂ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਲਗਾਤਾਰ ਹੋ ਰਹੀ ਬਰਸਾਤ ਕਾਰਨ ਸਾਨੂੰ ਲਾਪਤਾ ਬੱਸਾਂ ਦੀ ਭਾਲ ਕਰਨ ਵਿੱਚ ਦਿੱਕਤ ਆ ਰਹੀ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਦਹਿਲ ਪ੍ਰਚੰਡ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ, ‘ਮੈਂ ਨਰਾਇਣਘਾਟ-ਮੁਗਲਿੰਗ ਦੇ ਸਰਹੱਦੀ ਖੇਤਰ ‘ਚ ਜ਼ਮੀਨ ਖਿਸਕਣ ਨਾਲ ਬੱਸ ਦੇ ਰੁੜ੍ਹ ਜਾਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਕਰੀਬ 5 ਦਰਜਨ ਯਾਤਰੀਆਂ ਦੇ ਮਾਰੇ ਜਾਣ ‘ਤੇ ਬਹੁਤ ਦੁਖੀ ਹਾਂ। ਮੈਂ ਗ੍ਰਹਿ ਪ੍ਰਸ਼ਾਸਨ ਸਮੇਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਯਾਤਰੀਆਂ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਚਾਉਣ ਲਈ ਨਿਰਦੇਸ਼ ਦਿੰਦਾ ਹਾਂ।