ਭੂਰੀ ਵਾਲਿਆਂ ਦੇ ਡੇਰੇ ਤੇ ਪਹੁੰਚ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ
ਭੂਰੀ ਵਾਲਿਆਂ ਵੱਲੋਂ ਵਿਸੇਸ਼ ਸਨਮਾਨ, ਲੰਗਰ ਵੀ ਛਕਿਆਂ
ਸ਼੍ਰੀ ਅਨੰਦਪੁਰ ਸਾਹਿਬ 25 ਮਾਰਚ ( ਪੰਜਾਬੀ ਖਬਰਨਾਮਾ ) : ਹੋਲਾ ਮਹੱਲਾ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਹੁਤ ਹੀ ਸ਼ਰਧਾ ਤੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਕੌਮ ਦੀ ਚੜ੍ਹਦੀਕਲਾ ਅਤੇ ਸ਼ਾਨਾਮੱਤੇ ਇਤਿਹਾਸ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਪਹੁੰਚ ਰਹੇ ਲੱਖਾਂ ਸ਼ਰਧਾਲੂਆਂ/ਸੰਗਤਾਂ ਲਈ ਪ੍ਰਸਾਸ਼ਨ ਪਿਛਲੇ ਲਗਭਗ ਦੋ ਮਹੀਨੇ ਤੋ ਲਗਾਤਾਰ ਪ੍ਰਬੰਧ ਕਰ ਰਿਹਾ ਹੈ, ਜਿਸ ਵਿੱਚ ਸਫਾਈ ਸੇਵਾ ਵਿੱਚ ਸਹਿਯੋਗ ਦੇਣ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਭੂਰੀ ਵਾਲਿਆਂ ਨੇ ਵੱਧ ਚੜ੍ਹ ਕੇ ਸੇਵਾ ਨਿਭਾਈ ਹੈ। ਉਨ੍ਹਾਂ ਦੇ ਸੇਵਾਦਾਰ ਸੜਕਾਂ ਦੇ ਆਲੇ ਦੁਆਲੇ ਫੁੱਟਪਾਥ ਨੂੰ ਰੰਗ ਰੋਗਨ ਦੇ ਨਾਲ ਨਾਲ ਰੁੱਖਾਂ ਪੋਦਿਆਂ ਦੀ ਕਟਾਈ, ਛਟਾਈ ਤੇ ਧੁਲਾਈ, ਸਟਰੀਟ ਲਾਈਟ ਦੀ ਮੁਰੰਮਤ, ਸਫਾਈ ਆਦਿ ਦੇ ਪ੍ਰਬੰਧਾਂ ਵਿੱਚ ਪ੍ਰਸਾਸ਼ਨ ਨੂੰ ਭਰਪੂਰ ਸਹਿਯੋਗ ਦੇ ਰਹੇ ਹਨ। ਹੋਲਾ ਮਹੱਲਾ ਪ੍ਰਬੰਧ ਉਪਰੰਤ ਵੀ ਇਹ ਸੇਵਾ ਜਾਰੀ ਰਹੇਗੀ। ਦੇਸ਼ ਵਿਦੇਸ਼ ਤੋ ਆ ਰਹੀਆਂ ਸੰਗਤਾਂ ਦੇ ਚਿਹਰੇ ਤੇ ਖੁਸ਼ੀ ਤੇ ਸੰਤੁਸ਼ਟੀ ਦੇਖ ਕੇ ਪ੍ਰਸਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਦਾ ਸਹਿਜ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ।
ਅੱਜ ਭੂਰੀ ਵਾਲਿਆਂ ਦੇ ਡੇਰੇ ਤੇ ਪਹੁੰਚੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦਾ ਬਾਬਾ ਕਸ਼ਮੀਰ ਸਿੰਘ ਜੀ ਤੇ ਬਾਬਾ ਸੁਖਵਿੰਦਰ ਸਿੰਘ ਜੀ (ਬਾਬਾ ਸੁੱਖਾ) ਨੇ ਵਿਸੇਸ਼ ਸਨਮਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਵੀ ਪੂਰੀ ਮਿਹਨਤ ਤੇ ਲਗਨ ਨਾਲ ਇਹ ਸੇਵਾ ਦਿੱਤੀ ਜਾ ਰਹੀ ਹੈ, ਪ੍ਰਸਾਸ਼ਨ ਦੇ ਕਰਮਚਾਰੀਆਂ ਦੇ ਨਾਲ ਭੂਰੀ ਵਾਲਿਆਂ ਦੇ ਸੇਵਾਦਾਰਾ ਨੇ ਹੋਲਾ ਮਹੱਲਾ ਤੋ ਪਹਿਲਾ ਗੁਰੂ ਨਗਰੀ ਦਾ ਕੋਨਾ ਕੋਨਾ ਲਿਸ਼ਕਾਇਆ ਹੈ। ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਉਥੇ ਲੰਗਰ ਵੀ ਛਕਿਆਂ ਤੇ ਭੂਰੀ ਵਾਲਿਆਂ ਵੱਲੋਂ ਉਨ੍ਹਾਂ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਮੁੱਚੀ ਸਫਾਈ ਸੇਵਾ ਦੀ ਨਿਗਰਾਨੀ ਕਰ ਰਹੇ ਭਾਈ ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰਸਾਸ਼ਨ ਅਤੇ ਸੇਵਾਦਾਰ ਵਿੱਚ ਬਿਹਤਰ ਤਾਲਮੇਲ ਰਿਹਾ ਹੈ, ਇਨ੍ਹਾਂ ਪ੍ਰਬੰਧਾਂ ਨੂੰ ਅਗਲੇ ਤਿਉਹਾਰਾ ਮੌਕੇ ਹੋਰ ਸੁਚਾਰੂ ਕੀਤਾ ਜਾਵੇਗਾ ਅਤੇ ਹੋਰ ਸੇਵਾ ਵੀ ਸੰਭਾਲੀ ਜਾਵੇਗੀ।