ਹੁਸ਼ਿਆਰਪੁਰ, 03 ਜੂਨ 2025 (ਪੰਜਾਬੀ ਖਬਰਨਾਮਾ ਬਿਊਰੋ): ਜ਼ਿਲ੍ਹਾ ਪ੍ਰਸ਼ਾਸਨ ਦੀ ਚੌਕਸੀ ਨੀਤੀ ਅਨੁਸਾਰ, ਮੰਗਲਵਾਰ ਨੂੰ ਡੀ.ਏ.ਵੀ ਕਾਲਜ, ਹੁਸ਼ਿਆਰਪੁਰ ਵਿਖੇ ਸਿਵਲ ਡਿਫੈਂਸ ਨਾਲ ਸਬੰਧਤ ਇਕ ਸਫਲ ਮੌਕ ਡਰਿੱਲ ਕਰਵਾਈ ਗਈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਕਰਵਾਈ ਗਈ ਇਸ ਡਰਿੱਲ ਵਿਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਐਨ.ਸੀ.ਸੀ ਅਤੇ ਐਨ.ਐਸ.ਐਸ ਦੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ।
ਮੌਕ ਡਰਿੱਲ ਨੇ ਹਵਾਈ ਹਮਲੇ ਦੌਰਾਨ ਤੇਜ਼ ਪ੍ਰਤੀਕਿਰਿਆ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹੋਮ ਗਾਰਡ, ਸਿਵਲ ਡਿਫੈਂਸ, ਸਿਹਤ ਵਿਭਾਗ, ਫਾਇਰ ਬ੍ਰਿਗੇਡ, ਪੰਜਾਬ ਪੁਲਿਸ ਅਤੇ ਕਈ ਗੈਰ-ਸਰਕਾਰੀ ਸੰਗਠਨਾਂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। ਪੰਜਾਬ ਹੋਮ ਗਾਰਡਜ਼ ਦੇ ਅਧਿਕਾਰੀਆਂ ਨੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਮੌਜੂਦ ਵਿਦਿਆਰਥੀਆਂ ਨੂੰ ਮਹੱਤਵਪੂਰਨ ਸੁਝਾਅ ਵੀ ਦਿੱਤੇ।
ਡਰਿੱਲ ਦੀ ਸਮਾਪਤੀ ‘ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਅਭਿਆਸ ਸਰਕਾਰ ਦੀ ਚੌਕਸੀ ਨੀਤੀ ਤਹਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਜਾਂ ਐਮਰਜੈਂਸੀ ਸਥਿਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਮਰੱਥਾ ਅਤੇ ਤਾਲਮੇਲ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇਕ ਮਾਡਲ ਅਭਿਆਸ ਸੀ, ਇਸ ਲਈ ਆਮ ਲੋਕਾਂ ਨੂੰ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦਾ ਉਦੇਸ਼ ਨਾਗਰਿਕਾਂ ਨੂੰ ਅਜਿਹੀਆਂ ਸਥਿਤੀਆਂ ਲਈ ਮਾਨਸਿਕ ਤੌਰ ‘ਤੇ ਤਿਆਰ ਕਰਨਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕ ਡਰਿੱਲ ਵਿਚ ਸਿਵਲ ਡਿਫੈਂਸ, ਫਾਇਰ ਡਿਪਾਰਟਮੈਂਟ, ਸਿਹਤ ਵਿਭਾਗ, 12 ਪੰਜਾਬ ਐਨ.ਸੀ.ਸੀ., ਪੁਲਿਸ ਅਤੇ ਹੋਮ ਗਾਰਡ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅਭਿਆਸ ਦੌਰਾਨ ਆਪਸੀ ਤਾਲਮੇਲ ਅਤੇ ਤੇਜ਼ ਪ੍ਰਤੀਕਿਰਿਆ ਸਮਰੱਥਾ ਦੀ ਵੀ ਸਮੀਖਿਆ ਕੀਤੀ ਗਈ।
ਐਸ.ਡੀ.ਐਮ. ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਨੇ ਮੌਕ ਡਰਿੱਲ ਦਾ ਸੰਚਾਲਨ ਕੀਤਾ। ਇਹ ਅਭਿਆਸ ਪੰਜਾਬ ਪੁਲਿਸ, ਹੋਮ ਗਾਰਡ, ਸਿਵਲ ਡਿਫੈਂਸ, ਸਿਹਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਸਫਲਤਾਪੂਰਵਕ ਪੂਰਾ ਹੋਇਆ। ਇਸ ਮੌਕੇ ਤਹਿਸੀਲਦਾਰ ਲਾਰਸਨ ਸਿੰਗਲਾ, ਇੰਸਪੈਕਟਰ ਦਵਿੰਦਰ ਸਿੰਘ, ਮਨਿੰਦਰ ਸਿੰਘ, ਚੀਫ਼ ਵਾਰਡਨ ਸਿਵਲ ਡਿਫੈਂਸ ਲੋਕੇਸ਼ ਪੁਰੀ ਅਤੇ ਹੋਰ ਅਧਿਕਾਰੀ ਅਤੇ ਵਲੰਟੀਅਰ ਵੀ ਮੌਜੂਦ ਸਨ।