19 ਜੂਨ (ਪੰਜਾਬੀ ਖਬਰਨਾਮਾ): ਮੰਗਲਵਾਰ ਦੁਪਹਿਰ 12 ਵਜੇ ਦੇ ਕਰੀਬ ਪੰਜਾਬ ਵਿੱਚ ਬਿਜਲੀ ਦੀ ਮੰਗ 15,912 ਮੈਗਾਵਾਟ ਨੂੰ ਛੂਹਣ ‘ਤੇ ਸਭ ਤੋਂ ਉੱਚੇ ਅੰਕੜੇ ਨੂੰ ਪਾਰ ਕਰ ਗਈ। ਪੀਐਸਪੀਸੀਐਲ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ ਹੈ। ਆਖਰੀ ਵਾਰ ਸਭ ਤੋਂ ਵੱਧ ਮੰਗ 14 ਜੂਨ, 2024 ਨੂੰ ਨੋਟ ਕੀਤੀ ਗਈ ਸੀ ਜਦੋਂ ਇਹ 15775 ਮੈਗਾਵਾਟ ਸੀ। ਪੰਜਾਬ ਦੇ 6 ਜ਼ਿਲ੍ਹੇ ਮੁਕਤਸਰ, ਫਰੀਦਕੋਟ, ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਨੇ 11 ਜੂਨ ਤੋਂ ਖੇਤਾਂ ਵਿੱਚ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਹੈ, ਇਹ ਜ਼ਿਲ੍ਹੇ ਜ਼ਿਆਦਾਤਰ ਨਹਿਰੀ ਪਾਣੀ ‘ਤੇ ਨਿਰਭਰ ਹਨ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਮੋਗਾ, ਸੰਗਰੂਰ, ਮਾਲੇਰਕੋਟਲਾ, ਬਰਨਾਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮੋਹਾਲੀ, ਰੋਪੜ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਤਰਨਤਾਰਨ, ਅੰਮਿ੍ਤਸਰ, ਪਠਾਨਕੋਟ ਅਤੇ ਗੁਰਦਾਸਪੁਰ ਨੂੰ ਸਿੰਚਾਈ ਲਈ ਟਿਊਬਵੈੱਲਾਂ ਤੋਂ ਪਾਣੀ ਮਿਲਦਾ ਹੈ। ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਹੋਰ 2500-3000 ਮੈਗਾਵਾਟ ਤੱਕ ਵਧਣ ਦਾ ਅਨੁਮਾਨ ਹੈ। ਪੀਐੱਸਪੀਸੀਐੱਲ ਦੇ ਬੁਲਾਰੇ ਅਨੁਸਾਰ ਗਰਮੀ ਤੇ ਝੋਨੇ ਦੇ ਸੀਜਜ਼ ਦੌਰਾਨ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਝੋਨੇ ਦੀ ਲੁਆਈ ਦੌਰਾਨ ਬਿਜਲੀ ਦੀ ਮੰਗ ਵਿਚ ਵਾਧਾ ਹੋਣਾ ਸੁਭਾਵਕ ਹੈ ਤੇ ਇਸ ਬਾਰੇ ਪੀਐੱਸਪੀਸੀਐੱਲ ਪਹਿਲਾਂ ਤੋਂ ਤਿਆਰੀ ਕਰ ਚੁਕਾ ਹੈ।
ਮੰਗਲਵਾਰ ਨੂੰ ਪੀਐੱਸਪੀਸੀਐੱਲ ਨੇ ਸਰਕਾਰੀ ਖੇਤਰ ਦੇ ਰੋਪੜ ਪਲਾਂਟ ਤੋਂ 734 ਮੈਗਾਵਾਟ, ਲਹਿਰਾ ਮੁਹਬਤ ਪਲਾਂਟ ਤੋਂ 639, ਗੋਇੰਦਵਾਲ ਸਾਹਿਬ ਤੋਂ 483 ਮੈਵਾਗਾਟ ਬਿਜਲੀ ਹਾਸਲ ਕੀਤੀ ਹੈ। ਨਿੱਜੀ ਖੇਤਰ ਦੇ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਤੋਂ 1318 ਮੈਗਾਵਾਟ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਤੋਂ 1758 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਸਰਕਾਰੀ ਥਰਮਲਾਂ ਤੋਂ 1858 ਤੇ ਨਿੱਜੀ ਥਰਮਲਾਂ ਤੋਂ 3076 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਹਾਈਡਰੋ ਪ੍ਰਾਜੈਕਟਾਂ ਤੋਂ 963 ਮੈਗਾਵਾਟ ਬਿਜਲੀ ਉਤਪਾਦਨ ਹੋਇਆ ਹੈ, ਜਿਸ ਵਿਚ ਰਣਜੀਤ ਸਾਗਰ ਡੈਮ ਦੇ ਚਾਰ ਯੂਨਿਟਾਂ ਤੋਂ 485 ਤੇ ਸ਼ਾਨਨ ਪ੍ਰਾਜੈਕਟ ਦੇ ਪੰਜ ਯੂਨਿਟ ਤੋਂ 110 ਮੈਗਾਵਾਟ, ਸੋਲਰ ਤੇ ਨਾਨ ਸੋਲਰ ਤੋਂ 340 ਮੈਗਾਵਾਟ ਬਿਜਲੀ ਹਾਸਲ ਹੋਈ ਹੈ। ਇਸ ਤਰ੍ਹਾਂ ਪੀਐੱਸਪੀਸੀਐੱਲ ਨੇ ਸੂਬੇ ਅੰਦਰ ਸਥਿਤ ਹਰ ਸ੍ਰੋਤਾਂ ਤੋਂ 6200 ਮੈਗਾਵਾਟ ਤੋਂ ਵੱਧ ਬਿਜਲੀ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਹੋਰ ਬਿਜਲੀ ਪਹਿਲਾਂ ਤੋਂ ਹੋਏ ਸਮਝੌਤਿਆਂ ਤਹਿਤ ਅਤੇ ਕੇਂਦਰੀ ਪੂਲ ਤੋਂ ਖਰੀਦੀ ਵੀ ਗਈ ਹੈ।
ਬਠਿੰਡਾ ਦੇ ਲਹਿਰਾ ਮੁਹਬਤ ਵਿਖੇ ਸਥਿਤ ਗੁਰੂ ਹਰ ਗੋਬਿੰਦ ਸਿੰਘ ਥਰਮਲ ਪਲਾਂਟ ਦਾ ਯੂਨਿਟ ਨੰਬਰ ਦੋ ਪਿਛਲੇ ਦੋ ਸਾਲ ਤੋਂ ਬੰਦ ਹੈ। ਇਸ ਯੂਨਿਟ ਦਾ ਇਲੈਕਟ੍ਰੋਸਟੈਟਿਕ ਪ੍ਰੀਸੀਪੀਟੇਟਰ (ਈਐਸਪੀ) ਟਾਵਰ ਜੋ 210 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ, ਮਈ 2022 ਦੀ ਰਾਤ ਢਹਿ ਗਿਆ ਸੀ। ਈਐੱਸਪੀ ਥਰਮਲ ਪਾਵਰ ਵਿਚੋਂ ਨਿਕਲਣ ਵਾਲੀ ਕੋਲੇ ਦੀ ਸੁਆਹ ਨੂੰ ਸਾਂਭਣ ਦਾ ਕੰਮ ਕਰਦਾ ਹੈ। ਇਸ ਦੇ ਢਹਿ ਜਾਣ ਕਾਰਨ ਯੂਨਿਟ ਵਿਚ ਬਿਜਲੀ ਉਤਪਾਦਨ ਨਹੀਂ ਹੋ ਸਕਿਆ ਹੈ। ਗੁਰੂ ਹਰ ਗੋਬਿੰਦ ਸਿੰਘ ਥਰਮਲ ਪਲਾਂਟ ਦੀ ਬਿਜਲੀ ਉਤਪਾਦਨ ਸਮਰੱਥਾ 920 ਮੈਗਾਵਾਟ ਹੈ ਜਿਸ ਵਿਚ ਦੋ ਯੂਨਿਟ 210 ਮੈਗਾਵਾਟ ਅਤੇ ਦੋ ਯੂਨਿਟ 250 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਰੱਖਦੇ ਹਨ। ਪ੍ਰੰਤ ਦੋ ਸਾਲ ਤੋਂ 210 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਬੰਦ ਹੋਣ ਕਰਕੇ ਬਿਜਲੀ ਉਤਪਾਦਨ ਬੰਦ ਹੈ।
ਬਿਜਲੀ ਦੀ ਮੰਗ ਵਧਣ ਨਾਲ ਸ਼ਿਕਾਇਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਪਿਛਲੇ ਪੰਜ ਦਿਨਾਂ ਵਿਚ ਪ੍ਰਤੀ ਦਿਨ ਲੱਖ ਦੇ ਕਰੀਬ ਬਿਜਲੀ ਬੰਦ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਜਾ ਰਹੀਆਂ ਹਨ। 14 ਜੂਨ ਨੂੰ ਕਰੀਬ 1,10,000 ਜਦਕਿ 15 ਜੂਨ ਨੂੰ 1 ਲੱਖ ਤੋਂ ਵੱਧ, 16 ਜੂਨ ਨੂੰ ਕਰੀਬ 90 ਹਜ਼ਾਰ, 17 ਜੂਨ ਨੂੰ ਕਰੀਬ 1 ਲੱਖ 15 ਹਜ਼ਾਰ ਤੇ 18 ਜੂਨ ਨੂੰ ਸ਼ਾਮ ਪੰਜ ਵਜੇ ਤੱਕ 81641 ਸ਼ਿਕਾਇਤਾਂ ਮਿਲੀਆਂ ਹਨ। ਮੰਗਲਵਾਰ ਸ਼ਾਮ ਸਮੇਂ ਪੰਜਾਬ ਭਰ ਵਿਚ ਸਭ ਤੋਂ ਵੱਧ ਸ਼ਿਕਾਇਤਾਂ ਲੁਧਿਆਣਾ ਤੋਂ ਮਿਲੀਆਂ ਹਨ। ਇਸ ਦੌਰਾਨ 30 ਫੀਡਰਾਂ ’ਤੇ ਦੋ ਘੰਟੇ, ਸੱਤ ਫੀਡਰ 2 ਤੋਂ ਚਾਰ ਘੰਟੇ, ਪੰਜ ਫੀਡਰ ਚਾਰ ਤੋਂ ਛੇ ਤੇ ਤਿੰਨ ਫੀਡਰ 6 ਤੋਂ ਵੱਧ ਘੰਟੇ ਬਿਜਲੀ ਪ੍ਰਭਾਵਿਤ ਰਹੀ ਹੈ।