7 ਅਕਤੂਬਰ 2024 : ਬਿਕਰਮਜੀਤ ਸਿੰਘ ਦਾ ਜਨਮ 15 ਅਕਤੂਬਰ 1992 ਨੂੰ ਸ. ਗੁਰਵਿੰਦਰ ਸਿੰਘ ਦੇ ਘਰ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਜੀਦਚੱਕ ਵਿਚ ਹੋਇਆ। ਬਿਕਰਮਜੀਤ ਸਿੰਘ ਕਾਹਲੋਂ ਨੇ ਫੁੱਟਬਾਲ ਖੇਡਣਾ ਬਚਪਨ ਤੋਂ ਹੀ ਸ਼ੁਰੂ ਕਰ ਦਿੱਤਾ ਸੀ । 9 ਸਾਲ ਦੀ ਉਮਰ ਵਿਚ ਬਿਕਰਮਜੀਤ ਸਿੰਘ ਨੇ ਫੁੱਟਬਾਲ ਦੇ ਮੈਦਾਨ ਵਿਚ ਪੈਰ ਪਾਇਆ।
ਬਿਕਰਮਜੀਤ ਨੇ ਸ਼ੁਰੂਆਤ ਵਿਚ ਫੁੱਟਬਾਲ ਦੇ ਗੁਣ ਨਰਿੰਦਰ ਸਿੰਘ, ਦਵਿੰਦਰ ਸਿੰਘ ਆਪਣੇ ਪਿੰਡ ਦੇ ਸੀਨੀਅਰ ਖਿਡਾਰੀਆਂ ਤੋਂ ਸਿੱਖੇ। ਇਸ ਤੋਂ ਬਾਅਦ ਬਿਕਰਮਜੀਤ ਸਿੰਘ ਸੰਤ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਨਿੱਕੇ ਘੁੰਮਣ ਵਿਚ ਖੇਡਣ ਲੱਗਿਆ। ਅਕੈਡਮੀ ਵਿਚ ਬਿਕਰਮਜੀਤ ਸਿੰਘ ਨੇ ਕੋਚ ਸੁਖਵਿੰਦਰ ਸਿੰਘ ਬੂਰਾ ਅਤੇ ਭਗਤ ਸਿੰਘ ਤੋਂ ਫੁੱਟਬਾਲ ਦੀਆਂ ਬਾਰੀਕੀਆਂ ਸਿੱਖੀਆਂ। ਸਕੂਲਾਂ ਵਿਚ ਬਿਕਰਮਜੀਤ ਨੇ ਅੰਡਰ-14 ਵਿਚ ਸਕੂਲ ਨੈਸ਼ਨਲ ਖੇਡਿਆ। ਅੰਡਰ-14 ਵਿਚ ਬਿਕਰਮਜੀਤ ਸਿੰਘ ਦਾ ਨਾਮ ਇੰਡੀਆ ਕੈਂਪ ਵਿਚ ਆਇਆ। ਅੰਡਰ-13 ਵਿਚ ਬਿਕਰਮਜੀਤ ਫੈਸਟੀਵਲ ਨੈਸ਼ਨਲ ਵਿਚ ਕਲਕੱਤਾ ਵਿਖੇ ਖੇਡਿਆ। ਬਿਕਰਮਜੀਤ ਦੀ ਸ਼ਾਨਦਾਰ ਖੇਡ ਨੂੰ ਦੇਖਦਿਆਂ ਉਸ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ।ਬਿਕਰਮ ਉਜ਼ਬੇਕਿਸਤਾਨ ’ਚ ਚੰਗੀ ਖੇਡ ਸਦਕਾ ਬੈਸਟ ਖਿਡਾਰੀ ਬਣਿਆ। ਅੰਡਰ-14 ਵਿਚ ਨੈਸ਼ਨਲ ਖੇਡਿਆ ਅਤੇ ਅੰਡਰ-14 ਵਿਚ ਵੀ ਬਿਕਰਮਜੀਤ ਭਾਰਤੀ ਟੀਮ ਦਾ ਕਪਤਾਨ ਬਣਿਆ। ਭਾਰਤੀ ਟੀਮ ਵੱਲੋਂ ਈਰਾਨ ਵਿਚ ਫੁੱਟਬਾਲ ਟੂਰਨਾਮੈਂਟ ਖੇਡਿਆ।
ਇਸ ਤੋਂ ਬਾਅਦ ਬਿਕਰਮਜੀਤ ਸੀਐਫ਼ਏ ਅਕੈਡਮੀ ਵਿਚ ਖੇਡਿਆ । ਇਸ ਅਕੈਡਮੀ ਵੱਲੋਂ ਬਿਕਰਮਜੀਤ ਛੇ ਸਾਲ ਖੇਡਿਆ। ਇਸ ਅਕੈਡਮੀ ਵਿਚ ਕੋਚ ਸ. ਹਰਜਿੰਦਰ ਸਿੰਘ ਅਤੇ ਤਜਿੰਦਰ ਪੰਡਿਤ ਦੀ ਦੇਖ-ਰੇਖ ਵਿਚ ਖੇਡਿਆ। ਆਪਣੀ ਕਪਤਾਨੀ ਨੂੰ ਲਗਾਤਾਰ ਬਰਕਰਾਰ ਰੱਖਿਆ ਤੇ ਅੰਡਰ-16 ’ਚ ਇੰਡੀਆ ਟੀਮ ਦਾ ਕਪਤਾਨ ਬਣਿਆ। ਅੰਡਰ-17 ’ਚ ਬਿਕਰਮਜੀਤ ਸਿੰਘ ਵਰਲਡ ਕੱਪ ਕੁਆਲੀਫਾਈ ਮੈਚ ਖੇਡਿਆ।
ਕੁਆਲੀਫਾਈ ਮੈਚਾਂ ਤੋਂ ਪਹਿਲਾਂ ਅਮਰੀਕਾ ਵਿਚ ਕੈਂਪ ਤੇ ਇੰਗਲੈਂਡ ’ਚ ਲਿਵਰਪੂਲ ਅਤੇ ਮੈਨਚੇਸਟਰ ਕਲੱਬਾਂ ਦੇ ਜੂਨੀਅਰ ਮੈਚ ਖੇਡੇ। ਵਰਲਡ ਕੱਪ ਕੁਆਲੀਫਾਈ ਵਿਚ ਪਹਿਲਾਂ ਦੌਰ ਕਲੀਅਰ ਕੀਤਾ ਤੇ ਦੂਜੇ ’ਚ ਇੰਡੋਨੇਸ਼ੀਆ ਵਿਚ ਖੇਡੇ। ਅੰਡਰ-17 ’ਚ ਜਰਮਨੀ ’ਚ ਮੈਚ ਖੇਡੇ ਤੇ ਅੰਡਰ-19 ’ਚ ਭਾਰਤੀ ਟੀਮ ਦੀ ਕਪਤਾਨੀ ਕੀਤੀ।ਅੰਡਰ-23 ’ਚ ਬਿਕਰਮ ਨੇ ਸੈਫ਼ ਚੈਂਪੀਅਨਸ਼ਿਪ ’ਚੋਂ ਤੀਸਰਾ ਸਥਾਨ ਹਾਸਿਲ ਕੀਤਾ। ਕਲੱਬ ਪੱਧਰ ’ਤੇ ਫੈਡਰੇਸ਼ਨ ਵੱਲੋਂ ਤਿਆਰ ਕੀਤੇ ਕਲੱਬ ਵੱਲੋਂ ਖੇਡੇ। 2012 ਵਿਚ ਬਿਕਰਮਜੀਤ ਚਰਚਿਲ ਬ੍ਰਦਰਜ਼ ਗੋਆ ਵੱਲੋਂ ਖੇਡਿਆ ਤੇ ਆਈ ਲੀਗ ਨੂੰ ਜਿੱਤਣ ਦਾ ਸੁਪਨਾ ਪੂਰਾ ਕਰ ਕੇ ਫੈਡਰੇਸ਼ਨ ਕੱਪ ਨੂੰ ਜਿੱਤਿਆ। ਬਿਕਰਮਜੀਤ ਮੋਹਨ ਬਾਗਾਨ ਵੱਲੋਂ ਵੀ ਖੇਡਿਆ।
ਮੋਹਨ ਬਾਗਾਨ ਵੱਲੋਂ ਫੈਡਰੇਸ਼ਨ ਕੱਪ ਅਤੇ ਆਈ ਲੀਗ ਚੈਂਪੀਅਨ ਬਣਿਆ। ਐਫ਼ਸੀ. ਗੋਆ ਵੱਲੋਂ ਖੇਡਦਿਆਂ ਵੀ ਇਸ ਖਿਡਾਰੀ ਨੇ ਮਾਣ ਖੱਟਿਆ। ਐਫ਼ਸੀ. ਗੋਆ ਵੱਲੋਂ ਇੰਡੀਅਨ ਸੁਪਰ ਲੀਗ ’ਚੋਂ ਬਿਕਰਮਜੀਤ ਨੇ ਦੂਸਰਾ ਸਥਾਨ ਹਾਸਿਲ ਕੀਤਾ। ਏਟੀਕੇ ਮੋਹਨ ਬਾਗਾਨ ਵੱਲੋਂ ਇੰਡੀਅਨ ਸੁਪਰ ਲੀਗ ਦਾ ਚੈਂਪੀਅਨ ਬਣਿਆ ਤੇ ਚੇਨਈ ਐਫ਼ਸੀ ਵੱਲੋਂ ਇੰਡੀਅਨ ਸੁਪਰ ਲੀਗ ਜਿੱਤੀ। ਬਿਕਰਮਜੀਤ ਦਾ ਭਰਾ ਅੰਮ੍ਰਿਤ ਸਿੰਘ ਰਾਣਾ ਵੀ ਫੁੱਟਬਾਲ ਦਾ ਉੱਚ-ਕੋਟੀ ਦਾ ਖਿਡਾਰੀ ਰਿਹਾ। ਆਈ ਲੀਗ ਜਿਹਾ ਵਕਾਰੀ ਟੂਰਨਾਮੈਂਟ ਖੇਡਿਆ ਅਤੇ ਅੱਜ ਵੀ ਅਮਰੀਕਾ ’ਚ ਫੁੱਟਬਾਲ ਖੇਡ ਰਿਹਾ ਹੈ। ਅਗਸਤ 2023 ਤੋਂ ਬਿਕਰਮਜੀਤ ਸਿੰਘ ਰਾਊਂਡ ਗਲਾਸ ਪੰਜਾਬ ਐਫ਼ਸੀ. ਨਾਲ (ਟੈਕਨੀਕਲ ਲੀਡ ਗਰਾਸਰੂਟਸ ਤੇ ਡਿਵੈਲਪਮੈਂਟ ਹੈਡ) ਤੌਰ ’ਤੇ ਜੁੜਿਆ ਹੋਇਆ ਹੈ।