ਰੂਪਨਗਰ, 19 ਜੁਲਾਈ(ਪੰਜਾਬੀ ਖਬਰਨਾਮਾ): ਸਿਵਲ ਸਰਜਨ ਰੂਪਨਗਰ ਡਾ. ਮਨੁ ਵਿਜ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਰੂਪਨਗਰ ਵਿਖੇ ਨਸ਼ਿਆਂ ਤੋਂ ਪੀੜ੍ਹਤ ਮਰੀਜ਼ਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ, ਮਾਨਸਿਕ ਬਿਮਾਰੀਆਂ ਅਤੇ ਇਸਦੇ ਇਲਾਜ਼ ਦੇ ਲਈ ਅਹਿੰਮ ਭੂਮਿਕਾ ਨਿਭਾ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਡਾ: ਮਨੁ ਵਿਜ ਨੇ ਕਿਹਾ ਕਿ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਕਰਨ ਅਤੇ ਮਾਨਸਿਕ ਬਿਮਾਰੀ ਦੇ ਸ਼ਿਕਾਰ ਲੋਕਾਂ ਦੇ ਇਲਾਜ਼ ਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਕੇਂਦਰ ਵਿੱਚ ਸਾਲ 2023 ਦੌਰਾਨ ਮਨੋਰੋਗਾਂ ਦੇ ਮਾਹਰ ਡਾਕਟਰ ਵੱਲੋਂ ਜਿਥੇ ਨਸ਼ਾ ਛੱਡਣ ਦੇ ਲਈ ਦਾਖਲ ਹੋਏ 145 ਮਰੀਜ਼ਾਂ ਦਾ ਇਲਾਜ਼ ਕਰਕੇ ਨਵਾਂ ਜੀਵਨ ਜਿਊਣ ਦਾ ਮੌਕਾ ਦਿੱਤਾ ਉਥੇ ਨਸ਼ੇ ਨਾਲ਼ ਪੀੜ੍ਹਤ ਅਤੇ ਮਾਨਸਿਕ ਬਿਮਾਰੀ ਦੇ ਲਗਭਗ 2488 ਮਰੀਜ਼ਾਂ ਦਾ ਓਪੀਡੀ ਰਾਹੀ ਇਲਾਜ਼ ਵੀ ਕੀਤਾ ਗਿਆ।
ਇਸ ਮੌਕੇ ਇਕੱਤਰ ਮਰੀਜ਼ਾਂ ਨੂੰ ਮਾਨਸਿਕ ਰੋਗਾਂ ਦੇ ਮਾਹਰ ਡਾ: ਕੰਵਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਜੇਕਰ ਕੋਈ ਨੌਜਵਾਨ ਜਾਂ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾ ਕੇ ਨਸ਼ਾ ਛੁਡਵਾਇਆ ਜਾ ਸਕਦਾ ਹੈ। ਇਸ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਮਰੀਜ਼ ਨੂੰ ਨਸ਼ਾਂ ਛੁਡਵਾਉਣ ਦੇ ਨਾਲ ਨਾਲ ਰੋਜਾਨਾ ਕਾਊਂਸਲੰਿਗ ਤੇ ਜਾਗਰੂਕਤਾ ਸੈਮੀਨਾਰ ਦੇ ਰਾਹੀ ਆਪਣਾ ਜੀਵਨ ਬਦਲਣ ਦਾ ਮੌਕਾ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੌਰਾਨ ਜਨਰਲ ਓਪੀਡੀ ਦੌਰਾਨ 232 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 30 ਮਰੀਜ਼ਾਂ ਦਾ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਕੇ ਨਸ਼ਾ ਛੁਡਵਾਉਣ ਦੇ ਲਈ ਇਲਾਜ਼ ਕੀਤਾ ਗਿਆ। ਇਸ ਤਰ੍ਹਾਂ ਮਾਨਸਿਕ ਰੋਗਾਂ ਦੇ ਵਾਰਡ ਵਿੱਚ 7 ਮਰੀਜ਼ ਇਲਾਜ਼ ਅਧੀਨ ਦਾਖਲ ਹਨ ਅਤੇ ਜਨਰਲ ਓਪੀਡੀ ਰਾਹੀ 484 ਮਾਨਸਿਕ ਬਿਮਾਰੀਆਂ ਨਾਲ ਪੀੜ੍ਹਤਾ ਮਰੀਜ਼ਾਂ ਦੀ ਜਾਂਚ ਕਰਕੇ ਇਲਾਜ਼ ਕੀਤਾ ਗਿਆ ਹੈ।
ਕਾਊਂਸਲਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਮਰੀਜ਼ਾਂ ਲਈ ਸਵੇਰ ਦੀ ਸਭਾ, ਰਾਸ਼ਟਰੀ ਗਾਨ, ਪ੍ਰਾਥਨਾ, ਅੱਜ ਦਾ ਵਿਚਾਰ, ਧਿਆਨ, ਗਰੁੱਪ ਕਾਊਸਲਿੰਗ, ਐਕਟੀਵਿਟੀ ਸ਼ੈਸ਼ਨ ਜਿਵੇਂ ਗਾਰਡਨਿੰਗ, ਕੈਰਮ ਬੋਰਡ, ਅਖਬਾਰ ਪੜ੍ਹਨਾ, ਟੀਵੀ ਦੇਖਣਾ, ਅਧਿਆਤਮਕ ਕਾਊਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਨਸ਼ਿਆਂ ਤੋਂ ਪੀੜ੍ਹਤ ਵਿਅਕਤੀ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਉਸਦਾ ਧਿਆਨ ਹਟਾ ਕੇ ਚੰਗੇ ਪਾਸੇ ਲਗਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜੇਕਰ ਤੁਹਾਡੇ ਏਰੀਏ ਵਿੱਚ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇ। ਜੇਕਰ ਕੋਈ ਮਾਨਸਿਕ ਬਿਮਾਰੀ ਨਾਲ ਪੀੜਤ ਵਿਅਕਤੀ ਵੀ ਆਪਣਾ ਇਲਾਜ਼ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਵਿਖੇ ਰੋਜਾਨਾਂ ਕੀਤੀ ਜਾਂਦੀ ਓਪੀਡੀ ਵਿੱਚ ਚੈਕਅੱਪ ਕਰਵਾ ਕੇ ਆਪਣਾ ਇਲਾਜ਼ ਕਰਵਾ ਸਕਦਾ ਹੈ।