ਨਵੀਂ ਦਿੱਲੀ, 09 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਫਾਰਸ ਦੀ ਖਾੜੀ ਵਿਚ ਜਾਰੀ ਫ਼ੌਜੀ ਤਣਾਅ ਦਰਮਿਆਨ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜੰਗ ਤੇਜ਼ ਹੁੰਦੀ ਹੈ ਤਾਂ ਤੇਲ ਨਾਲੋਂ ਵੀ ਗੰਭੀਰ ਸੰਕਟ ਪਾਣੀ ਦਾ ਹੋ ਸਕਦਾ ਹੈ। ਖਾੜੀ ਖੇਤਰ ਦੇ ਕਈ ਦੇਸ਼ ਪੀਣ ਵਾਲੇ ਪਾਣੀ ਲਈ ਸਮੁੰਦਰੀ ਪਾਣੀ ਨੂੰ ਮਿੱਠਾ ਕਰਨ ਵਾਲੇ ਡੀਸੈਲੀਨੇਸ਼ਨ ਪਲਾਂਟਾਂ ’ਤੇ ਜ਼ਿਆਦਾ ਨਿਰਭਰ ਹਨ ਅਤੇ ਇਹ ਪਲਾਂਟ ਤੱਟਵਰਤੀ ਇਲਾਕਿਆਂ ਵਿਚ ਸਥਿਤ ਹੋਣ ਕਾਰਨ ਮਿਜ਼ਾਈਲ ਜਾਂ ਡ੍ਰੋਨ ਹਮਲਿਆਂ ਦੇ ਨਿਸ਼ਾਨੇ ’ਤੇ ਆ ਸਕਦੇ ਹਨ। ਵਿਸ਼ਲੇਸ਼ਕਾਂ ਮੁਤਾਬਕ, ਖਾੜੀ ਤੱਟ ’ਤੇ ਸੈਂਕੜੇ ਡੀਸੈਲੀਨੇਸ਼ਨ ਪਲਾਂਟ ਹਨ ਜਿਹੜੇ ਲੱਖਾਂ ਲੋਕਾਂ ਨੂੰ ਪਾਣੀ ਮੁਹੱਈਆ ਕਰਾਉਂਦੇ ਹਨ। ਇਨ੍ਹਾਂ ਤੋਂ ਬਿਨਾਂ ਦੁਬਈ, ਕੁਵੈਤ ਸਿਟੀ, ਦੋਹਾ ਤੇ ਮਨਾਮਾ ਵਰਗੇ ਵੱਡੇ ਸ਼ਹਿਰ ਆਪਣੀ ਮੌਜੂਦਾ ਆਬਾਦੀ ਨੂੰ ਬਰਕਰਾਰ ਨਹੀਂ ਰੱਖ ਸਕਦੇ।
ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ 28 ਫਰਵਰੀ ਤੋਂ ਸ਼ੁਰੂ ਹੋਏ ਹਮਲਿਆਂ ਮਗਰੋਂ ਸੰਘਰਸ਼ ਕਈ ਵਾਰ ਖਾੜੀ ਦੇ ਅਹਿਮ ਪਾਣੀ ਤੇ ਊਰਜਾ ਢਾਂਚੇ ਨੇੜੇ ਪੁੱਜ ਚੁੱਕਾ ਹੈ। 2 ਮਾਰਚ ਨੂੰ ਦੁਬਈ ਦੀ ਜੇਬੇਲ ਅਲੀ ਬੰਦਰਗਾਹ ਨੇੜੇ ਹੋਏ ਹਮਲੇ ’ਚ ਈਰਾਨੀ ਮਿਜ਼ਾਈਲਾਂ ਤੇ ਡ੍ਰੋਨ ਦੁਨੀਆ ਦੇ ਸਭ ਤੋਂ ਵੱਡੇ ਡੀਸੈਲੀਨੇਸ਼ਨ ਪਲਾਂਟਾਂ ਵਿਚੋਂ ਇਕ ਤੋਂ ਲਗਪਗ 12 ਮੀਲ ਦੂਰ ਡਿੱਗੇ। ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾਹ ਐੱਫ-1 ਪਾਣੀ ਤੇ ਬਿਜਲੀ ਕੰਪਲੈਕਸ ਅਤੇ ਕੁਵੈਤ ਦੇ ਦੋਹਾ ਵੈਸਟ ਡੀਸੈਲੀਨੇਸ਼ਨ ਪਲਾਂਟ ਦੇ ਆਲੇ-ਦੁਆਲੇ ਵੀ ਨੁਕਸਾਨ ਦੀਆਂ ਖਬਰਾਂ ਆਈਆਂ ਹਨ। ਬਹਿਰੀਨ ਨੇ ਵੀ ਆਪਣੇ ਇਕ ਪਾਣੀ ਦੇ ਪਲਾਂਟ ਨੂੰ ਡ੍ਰੋਨ ਹਮਲਿਆਂ ’ਚ ਨੁਕਸਾਨ ਪੁੱਜਣ ਦਾ ਦੋਸ਼ ਲਾਇਆ ਹੈ ਜਦਕਿ ਈਰਾਨ ਦਾ ਕਹਿਣਾ ਹੈ ਕਿ ਅਮਰੀਕੀ ਹਮਲੇ ਵਿਚ ਹੋਰਮੁਜ਼ ਜਲਡਮਰੂਮੱਧ ਨੇੜੇ ਕੇਸ਼ਮ ਟਾਪੂ ਸਥਿਤ ਇਕ ਡੀਸੈਲੀਨੇਸ਼ਨ ਪਲਾਂਟ ਨੂੰ ਨੁਕਸਾਨ ਪੁੱਜਾ ਜਿਸ ਨਾਲ 30 ਪਿੰਡਾਂ ਦੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ।
ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਲਾਂਟਾਂ ਦਾ ਵੱਡਾ ਹਿੱਸਾ ਬਿਜਲੀ ਘਰਾਂ ਨਾਲ ਜੁੜਿਆ ਹੁੰਦਾ ਹੈ। ਇਸ ਤਰ੍ਹਾਂ ਬਿਜਲੀ ਢਾਂਚੇ ’ਤੇ ਹਮਲੇ ਵੀ ਪਾਣੀ ਦੇ ਉਤਪਾਦਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜੇਕਰ ਕਿਸੇ ਵੱਡੇ ਪਲਾਂਟ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ ਤਾਂ ਕਈ ਸ਼ਹਿਰ ਕੁਝ ਹੀ ਦਿਨਾਂ ਵਿਚ ਪੀਣ ਵਾਲੇ ਪਾਣੀ ਦੇ ਸੰਕਟ ਵਿਚ ਆ ਸਕਦੇ ਹਨ। ਡੀਸੈਲੀਨੇਸ਼ਨ ਪਲਾਂਟਾਂ ’ਤੇ ਸਾਈਬਰ ਹਮਲਿਆਂ ਦਾ ਵੀ ਖ਼ਤਰਾ ਵਧ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਈਰਾਨ ਸਮਰਥਿਤ ਗਰੁੱਪਾਂ ’ਤੇ ਦੋਸ਼ ਲਾਇਆ ਹੈ ਕਿ ਉਹ ਅਮਰੀਕੀ ਫ਼ੌਜੀ ਅੱਡਿਆਂ ਨਾਲ ਜੁੜੇ ਪਲਾਂਟਾਂ ’ਤੇ ਗੰਭੀਰ ਸਾਈਬਰ ਹਮਲੇ ਕਰ ਕੇ ਇਨ੍ਹਾਂ ਨੂੰ ਠੱਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਅੰਕੜਿਆਂ ’ਚ ਖਾੜੀ ਦਾ ਜਲ ਸੰਕਟ
56 ਵੱਡੇ ਡੀਸੈਲੀਨੇਟਿਡ ਪਲਾਂਟਾਂ ਰਾਹੀਂ ਸੋਧਿਆ ਜਾਂਦਾ ਹੈ 90% ਤੋਂ ਵੱਧ ਖਾਰਾ ਪਾਣੀ
90% ਪੀਣ ਵਾਲੇ ਪਾਣੀ ਦੀ ਸਪਲਾਈ ਕੁਵੈਤ ’ਚ ਡੀਸੈਲੀਨੇਸ਼ਨ ਰਾਹੀਂ ਹੁੰਦੀ ਹ
86% ਸਮੁੰਦਰੀ ਪਾਣੀ ਨੂੰ ਸੋਧ ਕੇ ਵਰਤਦਾ ਹੈ ਓਮਾਨ
70% ਪੀਣ ਵਾਲਾ ਪਾਣੀ ਸਾਊਦੀ ਅਰਬ ਨੂੰ ਡੀਸੈਲੀਨੇਸ਼ਨ ਤਕਨੀਕ ਰਾਹੀਂ ਮਿਲਦਾ ਹੈ
50-85 ਕਰੋੜ ਟਨ ਕਾਰਬਨ ਨਿਕਾਸੀ ਸਾਲਾਨਾ ਹੁੰਦੀ ਹੈ ਆਲਮੀ ਡੀਸੈਲੀਨੇਸ਼ਨ ਉਦਯੋਗ ਰਾਹੀਂ
