ਨਵੀਂ ਦਿੱਲੀ, 12 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਕ੍ਰਿਪਟੋ ਬਾਜ਼ਾਰ ’ਚ ਨਾਜਾਇਜ਼ ਸਰਗਰਮੀਆਂ ਨੂੰ ਰੋਕਣ ਲਈ ਭਾਰਤ ਦੀ ਵਿੱਤੀ ਖੁਫ਼ੀਆ ਇਕਾਈ (ਐੱਫਆਈਯੂ) ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਹੁਣ ਕ੍ਰਿਪਟੋ ਐਕਸਚੇਂਜਾਂ ਲਈ ਨਵੇਂ ‘ਮਨੀ ਲਾਂਡ੍ਰਿੰਗ ਰੋਕੂ’ ਤੇ ‘ਆਪਣੇ ਗਾਹਕ ਨੂੰ ਜਾਣੋ’ ਹਦਾਇਤਾਂ ਦੇ ਤਹਿਤ ਗਾਹਕਾਂ ਦੀ ਪਛਾਣ ਯਕੀਨੀ ਕਰਨ ਲਈ ਸਰੀਰਕ ਮੌਜੂਦਗੀ ਦੀ ਜਾਂਚ ਤੇ ਜੀਓ ਟੈਗਿੰਗ ਵਰਗੇ ਨਿਯਮ ਲਾਜ਼ਮੀ ਕਰ ਦਿੱਤੇ ਗਏ ਹਨ।
ਅੱਠ ਜਨਵਰੀ ਨੂੰ ਜਾਰੀ ਤਾਜ਼ਾ ਹਦਾਇਤਾਂ ਅਨੁਸਾਰ ਕ੍ਰਿਪਟੋ ਐਕਸਚੇਂਜਾਂ ਨੂੰ ‘ਵਰਚੂਅਲ ਡਿਜੀਟਲ ਜਾਇਦਾਦ’ (ਵੀਡੀਓ) ਸੇਵਾਦਾਤਾ ਦੇ ਤੌਰ ’ਤੇ ਵਰਗੀਕ੍ਰਿਤ ਕੀਤਾ ਗਿਆ ਹੈ। ਹੁਣ ਇਨ੍ਹਾਂ ਨੂੰ ਸਿਰਫ ਦਸਤਾਵੇਜ਼ ਅਪਲੋਡ ਕਰਨ ਤੋਂ ਅੱਗੇ ਵੱਧ ਕੇ ਕੰਮ ਕਰਨਾ ਪਵੇਗਾ। ਨਵੇਂ ਨਿਯਮਾਂ ਦੇ ਤਹਿਤ ਯੂਜ਼ਰਾਂ ਨੂੰ ਹੁਣ ਇਕ ‘ਲਾਈਵ ਸੈਲਫੀ’ ਲੈਣੀ ਹੋਵੇਗੀ। ਇਸ ਵਿਚ ਅਜਿਹੇ ਸਾਫਟਵੇਅਰ ਦੀ ਵਰਤੋਂ ਕੀਤੀ ਜਾਵੇਗੀ, ਜੋ ਇਹ ਪੁਸ਼ਟੀ ਕਰੇਗਾ ਕਿ ਵਿਅਕਤੀ ਖ਼ੁਦ ਉਥੇ ਮੌਜੂਦ ਹੈ। ਇਸ ਵਿਚ ਅੱਖ ਝਪਕਣ ਜਾਂ ਸਿਰ ਹਿਲਾਉਣ ਲਈ ਕਿਹਾ ਜਾਵੇਗਾ। ਇਹ ਕਦਮ ਤਸਵੀਰ ਜਾਂ ਡੀਪਫੇਕਰ ਰਾਹੀਂ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਇਸਦੇ ਨਾਲ ਹੀ ਖਾਤਾ ਬਣਾਉਂਦੇ ਸਮੇਂ ਯੂਜ਼ਰ ਕਿਸ ਸਥਾਨ (ਦੇਸ਼ ਦੇ ਬਾਹਰ ਤੇ ਅੰਦਰ), ਤਰੀਕ, ਸਮਾਂ ਤੇ ਕਿਸ ਆਈਪੀ ਐਡਰੈੱਸ ਦੀ ਵਰਤੋਂ ਕਰ ਰਿਹਾ ਹੈ, ਇਸਦਾ ਸਟੀਕ ਰਿਕਾਰਡ ਵੀ ਰੱਖਣਾ ਹੋਵੇਗਾ। ਬੈਂਕ ਖਾਤਾ ਸਰਗਰਮ ਹੈ ਜਾਂ ਨਹੀਂ ਤੇ ਇਸਦੀ ਮਾਲਕੀ ਸਾਬਿਤ ਕਰਨ ਲਈ ਸਿਰਫ ਇਕ ਰੁਪਏ ਦੇ ਲੈਣਦੇਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੈਨ ਕਾਰਡ ਦੇ ਨਾਲ ਹੀ ਆਧਾਰ, ਪਾਸਪੋਰਟ ਜਾਂ ਵੋਟਰ ਆਈਡੀ ਕਾਰਡ ਵਰਗੇ ਦੂਜੇ ਪਛਾਣ ਪੱਤਰ ਦੇਣੇ ਹੋਣਗੇ। ਨਾਲ ਹੀ ਈਮੇਲ ਤੇ ਫੋਨ ਨੰਬਰ ਦਾ ਓਟੀਪੀ ਵੈਰੀਫਿਕੇਸ਼ਨ ਵੀ ਕਰਨੀ ਹੋਵੇਗੀ।
ਵਿੱਤ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲਾ ਐੱਫਆਈਯੂ ਕ੍ਰਿਪਟੋ ਕਰੰਸੀ ਦੇ ਲੈਣਦੇਣ ਨੂੰ ਲੁਕਾਉਣ ਲਈ ਵਰਤੇ ਜਾਣ ਵਾਲੇ ਸਾਧਨਾਂ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਣਾ ਰਿਹਾ ਹੈ। ਨਵੀਆਂ ਹਦਾਇਤਾਂ ਦਾ ਮੰਤਵ ਆਰਥਿਕ ਜਸਟੀਫਿਕੇਸ਼ਨ ਦੀ ਕਮੀ ਤੇ ਉੱਚ ਖ਼ਤਰੇ ਦੇ ਕਾਰਨ ਇਨੀਸ਼ੀਅਲ ਕੁਆਇਨ ਆਫਰਿੰਗ ਤੇ ਇਨੀਸ਼ੀਅਲ ਟੋਕਨ ਆਫਰਿੰਗ ਦੇ ਰੁਝਾਨ ਨੂੰ ਘਟਾਉਣਾ ਹੈ।
