ਲਾਹੌਰ, 15 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਸਥਾਨਕ ਮੁਸਲਿਮ ਨੌਜਵਾਨ ਨਾਲ ਵਿਆਹ ਕਰਨ ਵਾਲੀ ਭਾਰਤੀ ਸਿੱਖ ਔਰਤ ਸਰਬਜੀਤ ਕੌਰ (48) ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਦੇ ਸਰਕਾਰੀ ਪਨਾਹ ਘਰ ਭੇਜ ਦਿੱਤਾ ਹੈ। ਪੰਜਾਬ ਸੂਬਾਈ ਸਰਕਾਰ ਦੇ ਸੂਤਰਾਂ ਮੁਤਾਬਕ, ਪ੍ਰਸ਼ਾਸਨ ਉਨ੍ਹਾਂ ਨੂੰ ਭਾਰਤ ਹਵਾਲਗੀ ਦੀ ਪ੍ਰਕਿਰਿਆ ’ਤੇ ਵਿਚਾਰ ਕਰ ਰਿਹਾ ਹੈ, ਜਦਕਿ ਉਨ੍ਹਾਂ ਦੇ ਪਤੀ ਨਸੀਰ ਹੁਸੈਨ ਪੁਲਿਸ ਹਿਰਾਸਤ ’ਚ ਹਨ। ਸਰਬਜੀਤ ਕੌਰ ਨਵੰਬਰ ’ਚ ਭਾਰਤ ਤੋਂ ਲਗਪਗ ਦੋ ਹਜ਼ਾਰ ਸਿੱਖ ਸ਼ਰਧਾਲੂਆਂ ਦੇ ਨਾਲ ਗੁਰੂ ਨਾਨਕ ਜੈਅੰਤੀ ਦੇ ਮੌਕੇ ’ਤੇ ਪਾਕਿਸਤਾਨ ਆਈ ਸੀ। ਜ਼ਿਆਦਾਤਰ ਸ਼ਰਧਾਲੂ ਕੁਝ ਦਿਨਾਂ ਬਾਅਦ ਮੁੜ ਗਏ, ਪਰ ਸਰਬਜੀਤ ਭਾਰਤ ਨਹੀਂ ਮੁੜੀ ਤੇ ਬਾਅਦ ’ਚ ਉਨ੍ਹਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ। ਲਾਹੌਰ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਸਰਬਜੀਤ ਨੇ ਪਾਕਿਸਤਾਨ ਪੁੱਜਣ ਦੇ ਇਕ ਦਿਨ ਬਾਅਦ ਸ਼ੇਖੂਪੁਰਾ ਜ਼ਿਲ੍ਹੇ ਦੇ ਨਿਵਾਸੀ ਨਸੀਰ ਹੁਸੈਨ ਨਾਲ ਨਿਕਾਹ ਕੀਤਾ। ਨਿਕਾਹ ਤੋਂ ਪਹਿਲਾਂ ਉਸ ਨੂੰ ਮੁਸਲਿਮ ਨਾਂ ‘ਨੂਰ’ ਦਿੱਤਾ ਗਿਆ। ਇਕ ਵੀਡੀਓ ਸੁਨੇਹੇ ’ਚ ਸਰਬਜੀਤ ਨੇ ਕਿਹਾ ਸੀ ਕਿ ਉਹ ਤਲਾਕਸ਼ੁਦਾ ਹੈ ਤੇ ਆਪਣੀ ਇੱਛਾ ਨਾਲ ਵਿਆਹ ਕਰਨ ਪਾਕਿਸਤਾਨ ਆਈ ਸੀ। ਉਸ ਨੇ ਵੀਜ਼ਾ ਸਮਾਂ ਵਧਾਉਣ ਤੇ ਪਾਕਿਸਤਾਨੀ ਨਾਗਰਿਕਤਾ ਲਈ ਅਰਜ਼ੀ ਦੇਣ ਦੀ ਗੱਲ ਵੀ ਕਹੀ।
