7 ਜੂਨ (ਪੰਜਾਬੀ ਖਬਰਨਾਮਾ):ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖਹਿਰਾ ਵਾਸੀ ਪੱਤੀ ਸਾਹਲਾ ਨਗਰ ਮਲਸੀਆ ਦੇ ਮੁੰਡੇ ਜਸਮੇਰ ਸਿੰਘ ਖਹਿਰਾ (36) ਦੀ ਸਰੀ (ਕੈਨੇਡਾ) ਵਿਖੇ ਬੀਤੇ ਦਿਨ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ।
ਇਸ ਦੁੱਖ ਦੀ ਖ਼ਬਰ ਮਿਲਦੇ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ ‘ਚ ਲੋਕ ਖਹਿਰਾ ਪਰਿਵਾਰ ਤੇ ਵਿਧਾਇਕ ਸ਼ੇਰੋਵਾਲੀਆ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਮ੍ਰਿਤਕ ਜਸਮੇਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਕੁੜੀਆਂ ਛੱਡ ਗਿਆ ਹੈ।
ਜਸਮੇਰ ਸਿੰਘ ਖਹਿਰਾ ਦੀ ਪਤਨੀ ਤੇ ਬੱਚੇ ਇੰਡਿਆ (ਮਲਸੀਆਂ ) ਆਏ ਹੋਏ ਸਨ, ਜੋ ਵਾਪਸ ਕੈਨੇਡਾ ਜਾਣ ਲਈ ਦਿੱਲੀ ਏਅਰਪੋਰਟ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਦੁੱਖ ਭਰੀ ਖ਼ਬਰ ਮਿਲ ਗਈ ਤੇ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਘਰ ਪਰਤਣਾ ਪਿਆ। ਉਨ੍ਹਾਂ ਦੱਸਿਆ ਕਿ ਜਸਮੇਰ ਸਿੰਘ ਦਾ ਅੰਤਿਮ ਸਸਕਾਰ ਸਾਹਲਾ ਨਗਰ ਮਲਸੀਆਂ ‘ਚ ਹੀ ਕੀਤਾ ਜਾਵੇਗਾ। ਕੈਨੇਡਾ ਤੋਂ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।