ਚੰਡੀਗੜ੍ਹ, 02 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਕਾਂਗਰਸ ਨੇ ਡੇਢ ਦਹਾਕੇ ਬਾਅਦ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਨੀਤੀਗਤ ਬਦਲਾਅ ਕੀਤਾ ਹੈ। ਕਾਂਗਰਸ ਦੇ ਸੂਬਾ ਇੰਚਾਰਜ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਪਾਰਟੀ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਦਾ ਚਿਹਰਾ ਅੱਗੇ ਨਹੀਂ ਕਰੇਗੀ। ਬਰਨਾਲਾ ਵਿਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ’ਤੇ ਮੋਹਰ ਲਗਾ ਦਿੱਤੀ ਹੈ। 2012 ਤੋਂ ਪਹਿਲਾਂ ਕਾਂਗਰਸ ਕਦੇ ਵੀ ਮੁੱਖ ਮੰਤਰੀ ਦੇ ਚਿਹਰੇ ’ਤੇ ਚੋਣ ਨਹੀਂ ਲੜੀ ਸੀ। 2012 ਤੋਂ ਬਾਅਦ ਕਾਂਗਰਸ ਤਿੰਨ ਵਾਰ ਮੁੱਖ ਮੰਤਰੀ ਦਾ ਚਿਹਰਾ ਅੱਗੇ ਕਰ ਕੇ ਚੋਣ ਲੜੀ ਜਿਸ ਵਿਚ ਉਸ ਨੂੰ ਦੋ ਵਾਰ ਹਾਰ ਅਤੇ ਇਕ ਵਾਰ ਜਿੱਤ ਹਾਸਲ ਹੋਈ। ਮੁੱਖ ਮੰਤਰੀ ਅਹੁਦੇ ਲਈ ਉਭਰੀ ਧੜੇਬਾਜ਼ੀ ਨੂੰ ਰੋਕਣ ਲਈ ਕਾਂਗਰਸ ਨੇ ਆਪਣੀ ਨੀਤੀ ਵਿਚ ਇਹ ਬਦਲਾਅ ਕੀਤਾ ਹੈ।

ਮੰਨਿਆ ਜਾ ਰਿਹਾ ਹੈ ਕਿ ਆਪਣੀ ਪੁਰਾਣੀ ਨੀਤੀ ਵੱਲ ਵਾਪਸ ਆ ਕੇ ਕਾਂਗਰਸ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਦੇ ਚਿਹਰੇ ਦੀ ਅਣਹੋਂਦ ਪਾਰਟੀ ਦੇ ਅੰਦਰ ਅੰਦਰੂਨੀ ਲੜਾਈ ਨੂੰ ਘਟਾ ਦੇਵੇਗੀ ਅਤੇ ਸਾਰੇ ਚਾਹਵਾਨ ਉਮੀਦਵਾਰਾਂ ’ਤੇ ਆਪਣੇ ਸਮਰਥਕਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਧੇਰੇ ਦਬਾਅ ਹੋਵੇਗਾ।

ਬਰਨਾਲਾ ਵਿੱਚ ਰੈਲੀ ਵਿੱਚ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦੇ ਚਾਹਵਾਨ ਨੇਤਾਵਾਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਸੀ, ‘ਟੀਮ ਪਲੇਅਰ ਬਣੋ, ਨਹੀਂ ਤਾਂਲ ਰਿਜ਼ਰਵ ਸੀਟ ’ਤੇ ਬਿਠਾ ਦਿਆਂਗੇ।’ ਇਹ ਆਪਣੇ ਆਪ ਵਿੱਚ ਪਾਰਟੀ ਦੇ ਮੁੱਖ ਮੰਤਰੀ ਦੇ ਚਾਹਵਾਨ ਨੇਤਾਵਾਂ ਦੀ ਸ਼ਕਤੀ ਦੀ ਸਕਾਰਾਤਮਕ ਵਰਤੋਂ ਕਰਨ ਦੇ ਇਰਾਦੇ ਨੂੰ ਦਰਸਾਉਂਦਾ ਹੈ। 2022 ਵਿੱਚ ਰਾਹੁਲ ਗਾਂਧੀ ਨੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਚਿਹਰਾ ਬਣਾਇਆ ਸੀ। ਇਸ ਤੋਂ ਬਾਅਦ ਪ੍ਰਮੁੱਖ ਨੇਤਾਵਾਂ ਨੇ ਉਨ੍ਹਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਸੀ ਜਿਸ ਨਾਲ ਚੰਨੀ ਅਲੱਗ-ਥਲੱਗ ਪੈ ਗਏ ਸਨ। ਕਾਂਗਰਸ ਪਾਰਟੀ ਮੁਸ਼ਕਲ ਵਿੱਚ ਇਹ ਵੀ ਰਹੀ ਸੀ ਕਿ ਚੋਣਾਂ ਦੇ ਆਖਰੀ ਸਮੇਂ ’ਤੇ ਚੋਣ ਮੈਨੀਫੈਸਟੋ ਜਾਰੀ ਕਰ ਸਕੀ ਸੀ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਕਿਉਂਕਿ ਇਸ ਵਾਰ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਵੇਗਾ, ਇਸ ਲਈ ਅੰਦਰੂਨੀ ਲੜਾਈ ਘੱਟ ਹੋਵੇਗੀ। ਆਪਣੀ ਤਾਕਤ ਵਧਾਉਣ ਲਈ ਮੁੱਖ ਮੰਤਰੀ ਦੇ ਚਾਹਵਾਨ ਉਮੀਦਵਾਰਾਂ ਨੂੰ ਆਪਣੇ ਵੱਧ ਤੋਂ ਵੱਧ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣੀ ਪਵੇਗੀ, ਜਿਸ ਦਾ ਪਾਰਟੀ ਨੂੰ ਫਾਇਦਾ ਹੋਵੇਗਾ, ਕਿਉਂਕਿ ਇਸ ਸਮੇਂ ਪਾਰਟੀ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਦੇ ਬਰਾਬਰ ਕੋਈ ਆਗੂ ਨਹੀਂ ਹੈ। 2012 ਵਿੱਚ ਜਦੋਂ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮੁੱਖ ਮੰਤਰੀ ਚਿਹਰਾ ਐਲਾਨਿਆ ਸੀ ਤਾਂ ਉਨ੍ਹਾਂ ਦੇ ਕੱਦ ਨੇ ਸਾਰਿਆਂ ਨੂੰ ਉਨ੍ਹਾਂ ਦਾ ਸਾਥ ਦੇਣ ਲਈ ਮਜਬੂਰ ਕਰ ਦਿੱਤਾ। ਭਾਵੇਂ ਕਾਂਗਰਸ ਚੋਣ ਹਾਰ ਗਈ ਪਰ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਹੂੰਝਾ-ਫੇਰ ਜਿੱਤ ਨਾਲ ਸਰਕਾਰ ਬਣਾਈ ਸੀ।

ਧਿਆਨ ਦੇਣ ਯੋਗ ਹੈ ਕਿ 2007 ਵਿੱਚ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਅਗਲਾ ਮੁੱਖ ਮੰਤਰੀ ਚਿਹਰਾ ਐਲਾਨ ਨਹੀਂ ਕੀਤਾ ਸੀ, ਭਾਵੇਂ ਉਹ ਉਸ ਸਮੇਂ ਮੁੱਖ ਮੰਤਰੀ ਸਨ। 2022 ਵਿੱਚ ਰਾਹੁਲ ਗਾਂਧੀ ਨੇ ਚੰਨੀ ਨੂੰ ਆਪਣਾ ਉਮੀਦਵਾਰ ਐਲਾਨਿਆ ਪਰ ਕਾਂਗਰਸ 77 ਤੋਂ ਘਟ ਕੇ 18 ਸੀਟਾਂ ’ਤੇ ਆ ਗਈ। ਵਰਤਮਾਨ ਵਿੱਚ ਕਾਂਗਰਸ ਕੋਲ ਸੰਭਾਵੀ ਮੁੱਖ ਮੰਤਰੀ ਉਮੀਦਵਾਰਾਂ ਦੀ ਲੰਬੀ ਲਾਈਨ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਆਦਿ ਸ਼ਾਮਲ ਹਨ।

ਸੰਖੇਪ:

Congress ਨੇ ਡੇਢ ਦਹਾਕੇ ਬਾਅਦ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਨਾ ਕਰਨ ਦਾ ਫ਼ੈਸਲਾ ਕਰਦਿਆਂ ਅੰਦਰੂਨੀ ਧੜੇਬਾਜ਼ੀ ਘਟਾਉਣ ਅਤੇ ਚੋਣ ਰਣਨੀਤੀ ਮਜ਼ਬੂਤ ਕਰਨ ਵੱਲ ਕਦਮ ਵਧਾਇਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।