ਜਲੰਧਰ(ਪੰਜਾਬੀ ਖ਼ਬਰਨਾਮਾ): ਜਲੰਧਰ ਲੋਕ ਸਭਾ ਹਲਕੇ ‘ਚ ਕਾਂਗਰਸ (Congress) ਪਾਰਟੀ ‘ਚ ਟਿਕਟ ਨੂੰ ਲੈ ਕੇ ਫੁੱਟ ਭਖਦੀ ਜਾ ਰਹੀ ਹੈ। ਲੰਘੇ ਦਿਨ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਲਗਾਤਾਰ ਵਿਰੋਧ ਕਰਨ ‘ਤੇ ਵਿਧਾਇਕ ਵਿਕਰਮ ਚੌਧਰੀ (MLA Vikram Choudhry) ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਅੱਜ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਵੀ ਵਿਕਰਮ ਚੌਧਰੀ ‘ਤੇ ਤਿੱਖਾ ਪਲਟਵਾਰ ਕੀਤਾ ਹੈ ਅਤੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਆਖਰੀ ਵਾਰ ਇਸ ਗੱਲ ਦਾ ਜਵਾਬ ਦੇ ਰਹੇ ਹਨ ਅਤੇ ਜੇ ਵਿਕਰਮ ਨਾ ਹਟਿਆ ਤਾਂ ਆਉਣ ਵਾਲਾ ਸਮਾਂ ਇਸ ਲਈ ਚੰਗਾ ਨਹੀਂ ਹੋਵੇਗਾ।
ਲੰਘੇ ਦਿਨ ਵਿਕਰਮ ਚੌਧਰੀ ਨੇ ਪਾਰਟੀ ਵੱਲੋਂ ਸਸਪੈਂਡ ਕੀਤੇ ਜਾਣ ਨੂੰ ਸਵੀਕਾਰਦਿਆਂ ਖੁੱਲ੍ਹ ਕੇ ਚੰਨੀ ਦੇ ਵਿਰੋਧ ਦਾ ਫੈਸਲਾ ਕੀਤਾ ਸੀ ਅਤੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦੇ ਕੁੱਝ ਪੋਸਟਰ ਵੀ ਕੰਧਾਂ ‘ਤੇ ਲਗਾਏ, ਜਿਸ ‘ਤੇ ਸਾਬਕਾ ਮੁੱਖ ਮੰਤਰੀ ਨੇ ਵਿਕਰਮ ਚੌਧਰੀ ਨੂੰ ਸਖਤ ਤਾੜਨਾ ਕੀਤੀ ਹੈ।
ਚੰਨੀ ਨੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ ਕਿ ‘ਉੱਖਲ ਪੁੱਤ ਨਾ ਜੰਮੀਏ ਧੀ ਕਾਣੀ ਚੰਗੀ’। ਉਨ੍ਹਾਂ ਕਿਹਾ ਕਿ ਵਿਕਰਮ ਚੌਧਰੀ ਹਲਕ ਗਿਆ ਹੈ, ਕਿਉਂਕਿ ਇਸ ਨੇ ਆਪਣੇ ਪਰਿਵਾਰ ਵੱਲੋਂ ਜਿੰਨੀ ਇੱਜਤ ਕਮਾਈ ਸੀ, ਉਸ ਨੂੰ ਮਿੱਟੀ ‘ਚ ਰੋਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੀ ਕੁੜੀ ਅਤੇ ਮੇਰੀ ਫੋਟੋ ਨੂੰ ਜਿਸ ਅਸ਼ਲੀਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਹ ਬਹੁਤ ਮਾੜਾ ਹੈ।
ਕਾਂਗਰਸੀ ਉਮੀਦਵਾਰ ਨੇ ਚੇਤਾਵਨੀ ਦਿੰਦਿਆਂ ਕਿਹਾ, ”ਵਿਕਰਮ ਚੌਧਰੀ ਦੀਆਂ ਗੱਲਾਂ ਦਾ ਅੱਜ ਮੈਂ ਅਖੀਰ ਵਾਰ ਜਵਾਬ ਦੇ ਰਿਹਾ ਹਾਂ, ਵਾਰ-ਵਾਰ ਜਵਾਬ ਨਹੀਂ ਦਿਆਂਗਾ। ਮੈਂ ਸਾਫ ਕਰਨਾ ਚਾਹੁੰਦਾ ਕਿ ਜੇਕਰ ਇਹ ਨਾ ਹਟਿਆ ਤਾਂ ਆਉਣ ਵਾਲਾ ਸਮਾਂ ਇਸਦੇ ਲਈ ਚੰਗਾ ਨਹੀਂ ਹੋਏਗਾ। ਮੈਂ ਨਹੀਂ ਚਾਹੁੰਦਾ ਸੀ ਥਾਣੇ ਕਚਹਿਰੀਆਂ ਦੇ ਵਿੱਚ ਜਾਈਏ ਨਹੀਂ ਤਾਂ ਅਸੀਂ ਸ਼ਿਕਾਇਤ ਦੇ ਦਿਆਂਗੇ।”