ਨਵੀਂ ਦਿੱਲੀ, 17 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤੀ ਰੇਲਵੇ ਟਿਕਟ ਬੁਕਿੰਗ ਨੂੰ ਲੈ ਕੇ ਨਵੇਂ ਨਿਯਮ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਹ ਨਵੇਂ ਨਿਯਮ ਰੇਲ ਯਾਤਰੀਆਂ ਦੀ ਸਹੂਲਤ ਨੂੰ ਵਧਾਉਣ ਲਈ ਲਿਆਏ ਜਾ ਰਹੇ ਹਨ। ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰੇਲ ਯਾਤਰੀ ਜਲਦ ਹੀ ਬਿਨਾਂ ਕਿਸੇ ਕੈਂਸਲੇਸ਼ਨ ਚਾਰਜ ਦੇ ਆਪਣੀ ਟਿਕਟ ਨੂੰ ਅਗਲੀ ਤਰੀਕ ਲਈ ਰੀਸ਼ਡਿਊਲ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਜੇ ਤੁਸੀਂ 10 ਜਨਵਰੀ ਦੀ ਟਿਕਟ ਬੁੱਕ ਕੀਤੀ ਹੈ ਤਾਂ ਤੁਸੀਂ ਇਸਨੂੰ ਕੈਂਸਲ ਕੀਤੇ ਬਿਨਾਂ ਹੀ ਅਗਲੀ ਤਰੀਕ ਲਈ ਬਦਲ ਸਕਦੇ ਹੋ। ਇਸ ਸਮੇਂ ਯਾਤਰੀਆਂ ਨੂੰ ਟਿਕਟ ਰੀਸ਼ਡਿਊਲ ਕਰਨ ਦਾ ਬਦਲ ਨਹੀਂ ਮਿਲਦਾ, ਉਨ੍ਹਾਂ ਨੂੰ ਟਿਕਟ ਕੈਂਸਲ ਕਰ ਕੇ ਨਵੀਂ ਟਿਕਟ ਬੁੱਕ ਕਰਨੀ ਪੈਂਦੀ ਹੈ ਜਿਸ ਵਿਚ ਕੈਂਸਲੇਸ਼ਨ ਚਾਰਜ ਵੀ ਦੇਣਾ ਪੈਂਦਾ ਹੈ।
ਰੇਲ ਟਿਕਟ ਦੇ ਰੀਸ਼ਡਿਊਲ ਦਾ ਬਦਲ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਪੋਰਟਲ ਤੋਂ ਬੁੱਕ ਕੀਤੀਆਂ ਟਿਕਟਾਂ ‘ਤੇ ਮਿਲਣ ਦੀ ਉਮੀਦ ਹੈ। ਟਾਈਮਜ਼ ਨਾਓ ਦੀ ਰਿਪੋਰਟ ਅਨੁਸਾਰ, ਇਹ ਸਹੂਲਤ ਸਿਰਫ਼ ਕਨਫ਼ਰਮ ਟਿਕਟਾਂ ‘ਤੇ ਹੀ ਉਪਲਬਧ ਹੋਵੇਗੀ। ਯਾਤਰੀ ਕਨਫ਼ਰਮ ਟਿਕਟ ਦੀ ਯਾਤਰਾ ਤਰੀਕ ਬਦਲ ਸਕਣਗੇ ਅਤੇ ਜੇ ਰੇਲ ਕਿਰਾਏ ‘ਚ ਫਰਕ ਹੁੰਦਾ ਹੈ, ਤਾਂ ਉਨ੍ਹਾਂ ਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ।
ਲਚਕੀਲੀ ਤੇ ਸਸਤੀ ਹੋਵੇਗੀ ਰੇਲ ਯਾਤਰਾ
ਭਾਰਤੀ ਰੇਲਵੇ ਦਾ ਇਹ ਨਿਯਮ ਦੇਸ਼ ਭਰ ਦੇ ਰੇਲ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਬਣ ਸਕਦਾ ਹੈ। ਇਸ ਨਾਲ ਰੇਲ ਯਾਤਰਾ ਪਹਿਲਾਂ ਤੋਂ ਵੀ ਜ਼ਿਆਦਾ ਲਚਕੀਲੀ ਤੇ ਸਸਤੀ ਬਣ ਜਾਵੇਗੀ। ਕਈ ਵਾਰ ਯਾਤਰੀਆਂ ਨੂੰ ਐਮਰਜੈਂਸੀ ‘ਚ ਯਾਤਰਾ ਦੀ ਯੋਜਨਾ ‘ਚ ਬਦਲਾਅ ਕਰਨਾ ਪੈਂਦਾ ਹੈ। ਨਵੇਂ ਨਿਯਮ ਆਉਣ ਨਾਲ ਯਾਤਰੀ ਬਿਨਾਂ ਕਿਸੇ ਪਰੇਸ਼ਾਨੀ ਦੇ ਟਿਕਟ ਕੈਂਸਲ ਕਰਨ ਦੀ ਬਜਾਏ ਯਾਤਰਾ ਦੀ ਤਰੀਕ ਬਦਲ ਸਕਣਗੇ। ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰੇਲਵੇ ਟ੍ਰੇਨ ਮਿਸ ਹੋ ਜਾਣ ‘ਤੇ ਯਾਤਰੀਆਂ ਨੂੰ ਹੋਣ ਵਾਲੇ ਨੁਕਸਾਨ ਦੇ ਬਾਰੇ ਵੀ ਨਿਯਮ ਲਿਆਉਣ ਦੀ ਯੋਜਨਾ ਬਣਾ ਰਹੀ ਹੈ।
50 ਫੀਸਦ ਤਕ ਕੈਂਸਲੇਸ਼ਨ ਫੀਸ
ਕਿਸੇ ਵੀ ਵਜ੍ਹਾ ਨਾਲ ਟ੍ਰੇਨ ਮਿਸ ਹੋ ਜਾਣ ‘ਤੇ ਇਸ ਸਮੇਂ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਰਿਫੰਡ ਨਹੀਂ ਮਿਲਦਾ। ਕਈ ਵਾਰ ਯਾਤਰੀ ਬੱਸ, ਟ੍ਰੇਨ ਜਾਂ ਫਲਾਈਟ ਲੇਟ ਹੋ ਜਾਣ ਕਾਰਨ ਆਪਣੀ ਟ੍ਰੇਨ ਸਮੇਂ ਸਿਰ ਨਹੀਂ ਫੜ ਪਾਉਂਦੇ। ਇਸ ਨਾਲ ਉਨ੍ਹਾਂ ਨੂੰ ਰਿਫੰਡ ਨਹੀਂ ਮਿਲਦਾ। ਇਸ ਦੇ ਨਾਲ ਹੀ, ਜੇ ਯਾਤਰੀ ਆਪਣੀ ਕਨਫ਼ਰਮ ਟਿਕਟ ਦੀ ਯਾਤਰਾ ਤੋਂ ਥੋੜ੍ਹੀ ਦੇਰ ਪਹਿਲਾਂ ਕੈਂਸਲ ਕਰਦੇ ਹਨ ਤਾਂ ਉਨ੍ਹਾਂ ਨੂੰ ਟ੍ਰੈਵਲ ਕਲਾਸ ਤੇ ਕੈਂਸਲੇਸ਼ਨ ਟਾਈਮ ਦੇ ਆਧਾਰ ‘ਤੇ ਕੈਂਸਲੇਸ਼ਨ ਚਾਰਜ ਦੇਣਾ ਪੈਂਦਾ ਹੈ। ਇਹ ਚਾਰਜ ਟਿਕਟ ਦੀ ਕੀਮਤ ਦਾ 25 ਤੋਂ 50 ਫੀਸਦ ਤਕ ਹੁੰਦਾ ਹੈ। ਕੁਝ ਹਾਲਤ ਵਿਚ ਤਾਂ ਯਾਤਰੀਆਂ ਨੂੰ ਰਿਫੰਡ ਵਿਚ ਕੁਝ ਵੀ ਨਹੀਂ ਮਿਲਦਾ।
ਭਾਰਤੀ ਰੇਲਵੇ ਦਾ ਨਵਾਂ ਨਿਯਮ ਆਉਣ ਤੋਂ ਬਾਅਦ ਯਾਤਰੀਆਂ ਨੂੰ ਟਿਕਟ ਕੈਂਸਲ ਕਰਨ ਦੀ ਲੋੜ ਨਹੀਂ ਪਵੇਗੀ। ਉਹ IRCTC ਦੀ ਵੈਬਸਾਈਟ ਜਾਂ ਐਪ ਤੋਂ ਆਪਣੀ ਯਾਤਰਾ ਦੀ ਤਰੀਕ ਅਪਡੇਟ ਕਰ ਸਕਣਗੇ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਨੂੰ ਕਨਫ਼ਰਮ ਸੀਟ ਮਿਲੇਗੀ। ਇਹ ਟ੍ਰੇਨ ‘ਚ ਮੌਜੂਦ ਸੀਟ ‘ਤੇ ਨਿਰਭਰ ਕਰੇਗਾ। ਪਰ ਉਨ੍ਹਾਂ ਨੂੰ ਆਪਣੀ ਕਨਫ਼ਰਮ ਟਿਕਟ ਕੈਂਸਲ ਨਹੀਂ ਕਰਨੀ ਪਵੇਗੀ ਤੇ ਨਾ ਹੀ ਕੈਂਸਲੇਸ਼ਨ ਚਾਰਜ ਦੇਣਾ ਪਵੇਗਾ। ਰੇਲ ਯਾਤਰੀ ਲੰਬੇ ਸਮੇਂ ਤੋਂ ਟਿਕਟਾਂ ਲਈ ਇਸ ਤਰ੍ਹਾਂ ਦੇ ਲਚਕੀਲੇ ਬਦਲ ਦੀ ਮੰਗ ਕਰ ਰਹੇ ਸਨ। ਹੁਣ ਦੇਖਣਾ ਇਹ ਹੈ ਕਿ ਇਹ ਨਿਯਮ ਕਦੋਂ ਤੋਂ ਲਾਗੂ ਹੁੰਦੇ ਹਨ। ਫਿਲਹਾਲ ਭਾਰਤੀ ਰੇਲਵੇ ਨੇ ਇਨ੍ਹਾਂ ਨਵੇਂ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।