20 ਅਗਸਤ 2024 : ਪੰਜਾਬ ਪੁਲਿਸ 21 ਅਗਸਤ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚੇ, ਜਿਹੜੇ ਵਾਹਨ ਚਲਾਉਂਦੇ ਹਨ, ਨੂੰ ਰੋਕਣ ਲਈ ਮੁਹਿੰਮ ਸ਼ੁਰੂ ਕਰੇਗੀ। ਧਿਆਨ ਰਹੇ ਕਿ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਦੇਸ਼ ਭਰ ’ਚ ਸਾਲ 2020 ਤੋਂ ਲਾਗੂ ਮੋਟਰ ਵ੍ਹੀਕਲ ਐਕਟ 2019 ਨੂੰ ਸਖਤੀ ਨਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਜੁਲਾਈ ਤੋਂ ਇਹ ਕਾਰਵਾਈ ਸ਼ੁਰੂ ਹੋਣੀ ਸੀ ਪਰ ਕੁਝ ਸਮਾਜ ਸੇਵੀ ਸੰਸਥਾਵਾਂ, ਜਿਹੜੀਆਂ ਟ੍ਰੈਫਿਕ ਨੂੰ ਲੈ ਕੇ ਕੰਮ ਕਰਦੀਆਂ ਹਨ, ਵਲੋਂ ਕਿਹਾ ਗਿਆ ਸੀ ਕਿ 20 ਅਗਸਤ ਤੱਕ ਜਾਗਰੂਕਤਾ ਅਭਿਆਨ ਚਲਾਇਆ ਜਾਏ। ਏਡੀਜੀਪੀ ਟ੍ਰੈਫਿਕ ਏਐੱਸ ਰਾਏ ਨੇ ਕਿਹਾ ਕਿ ਹੁਣ ਪੁਲਿਸ ਅਧਿਕਾਰੀਆਂ ਵਲੋਂ ਜਾਗਰੂਕਤਾ ਦੇ ਨਾਲ ਨਾਲ ਚਲਾਨ ਵੀ ਕੱਟੇ ਜਾਣਗੇ। ਇਸ ਲਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ। ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪਹਿਲਾਂ ਉਹ ਲੋਕਾਂ ਨੂੰ ਜਾਗਰੂਕ ਕਰਨ ਕਿ ਉਹ ਆਪਣੇ ਨਾਬਾਲਿਗ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ। 18 ਸਾਲ ਤੋਂ ਘੱਟ ਉਮਰ ਦਾ ਬੱਚਾ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦੇ ਹੋਏ ਫੜਿਆ ਗਿਆ ਤਾਂ ਮਾਤਾ-ਪਿਤਾ ਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਇਸਦੇ ਤਹਿਤ ਮਾਤਾ-ਪਿਤਾ ਨੂੰ ਤਿੰਨ ਸਾਲ ਦੀ ਜੇਲ੍ਹ ਤੇ 25 ਹਜ਼ਾਰ ਰੁਪਏ ਤੱਕ ਜੁਰਮਾਨਾ ਕੀਤਾ ਜਾਏਗਾ। ਇਹੀ ਨਹੀਂ, ਜਿਸ ਵਾਹਨ ਨੂੰ ਬੱਚਾ ਚਲਾ ਰਿਹਾ ਸੀ, ਉਸਦੀ ਰਜਿਸਟ੍ਰੇਸ਼ਨ ਵੀ 12 ਮਹੀਨੇ ਲਈ ਰੱਦ ਕਰ ਦਿੱਤੀ ਜਾਏਗੀ।
ਨਾਬਾਲਿਗ ਵਾਹਨ ਚਲਾਉਂਦਾ ਪਾਇਆ ਗਿਆ ਉਸਦਾ 18 ਸਾਲ ਦਾ ਹੋਣ ’ਤੇ ਵਾਹਨ ਲਾਇਸੈਂਸ ਵੀ ਨਹੀਂ ਬਣ ਸਕੇਗਾ। ਉਸਨੂੰ ਇਸਦੇ ਲਈ ਅਯੋਗ ਐਲਾਨ ਦਿੱਤਾ ਜਾਏਗਾ। ਉਸਨੂੰ ਲਾਇਸੈਂਸ ਬਣਵਾਉਣ ਲਈ ਅੱਠ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ। ਉਸਦਾ ਲਾਇਸੈਂਸ 25 ਸਾਲ ਦੀ ਉਮਰ ’ਚ ਬਣੇਗਾ, ਉਹ ਵੀ ਸਖਤ ਨਿਯਮਾਂ ਦੀ ਪਾਲਨਾ ਕਰਨ ਦੇ ਬਾਅਦ ਹੀ ਬਣੇਗਾ। ਧਿਆਨ ਰਹੇ ਕਿ ਕਰੀਬ ਦੋ ਮਹੀਨੇ ਪਹਿਲਾਂ ਪੁਣੇ ’ਚ ਇਕ ਨਾਬਾਲਿਗ ਨੇ ਆਪਣੀ ਪੋਰਸ਼ੇ ਕਾਰ ਨਾਲ ਬਾਈਕ ਸਵਾਰ ਦੋ ਆਈਟੀ ਇੰਜੀਨੀਅਰ ਲੜਕੇ-ਲੜਕੀ ਨੂੰ ਟੱਕਰ ਮਾਰ ਦਿੱਤੀ ਸੀ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
• ਮੁਲਜ਼ਮ ਨਾਬਾਲਿਗ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ’ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰ ਕੇ ਪਰਤ ਰਿਹਾ ਸੀ। ਉਹ ਸ਼ਰਾਬ ਦੇ ਨਸ਼ੇ ’ਚ ਕਰੀਬ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚਲਾ ਰਿਹਾ ਸੀ। ਅਜਿਹੇ ਹੀ ਮਾਮਲੇ ਪੰਜਾਬ ’ਚ ਵੀ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ’ਚ ਫ਼ੈਸਲਾ ਕੀਤਾ ਗਿਆ ਕਿ ਇਸ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਾਈ ਜਾਏਗੀ।