05 ਅਗਸਤ 2024 : ਕੇਂਦਰ ਸਰਕਾਰ ਨੇ ਪਹਿਲੀ ਵਾਰ ਅੰਗਾਂ ਦੀ ਢੋਆ-ਢੁਆਈ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਘੱਟ ਤੋਂ ਘੱਟ ਸਮੇਂ ਵਿਚ ਅੰਗ ਟਰਾਂਸਪਲਾਂਟ ਕਰਕੇ ਜ਼ਿੰਦਗੀ ਦੀ ਲੜਾਈ ਜਿੱਤੀ ਜਾ ਸਕੇ। ਕੇਂਦਰੀ ਸਿਹਤ ਮੰਤਰਾਲੇ ਨੇ ਸੜਕਾਂ, ਰੇਲਵੇ ਤੋਂ ਹਵਾਈ ਮਾਰਗਾਂ ਅਤੇ ਜਲ ਮਾਰਗਾਂ ਤੱਕ ਯਾਤਰਾ ਦੇ ਵੱਖ-ਵੱਖ ਤਰੀਕਿਆਂ ਰਾਹੀਂ ਮਨੁੱਖੀ ਅੰਗਾਂ ਦੀ ਨਿਰਵਿਘਨ ਆਵਾਜਾਈ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਲਿਆਂਦੀ ਹੈ। ਇਹ ਐੱਸਓਪੀ ਦੇਸ਼ ਭਰ ਵਿਚ ਅੰਗ ਟਰਾਂਸਪਲਾਂਟੇਸ਼ਨ ਵਿਚ ਸ਼ਾਮਲ ਲੋਕਾਂ ਲਈ ਮਾਰਗਦਰਸ਼ਕ ਦਸਤਾਵੇਜ਼ ਵਜੋਂ ਕੰਮ ਕਰੇਗਾ। ਅੰਗਾਂ ਦੀ ਆਵਾਜਾਈ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਪਿੱਛੇ ਕੇਂਦਰ ਦਾ ਉਦੇਸ਼ ਕੀਮਤੀ ਅੰਗਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣਾ ਅਤੇ ਜੀਵਨ ਬਚਾਉਣ ਵਾਲੇ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਅਣਗਿਣਤ ਮਰੀਜ਼ਾਂ ਨੂੰ ਉਮੀਦ ਪ੍ਰਦਾਨ ਕਰਨਾ ਹੈ।

ਕੇਂਦਰੀ ਸਿਹਤ ਸਕੱਤਰ ਅਪੂਰਵ ਚੰਦਰਾ ਨੇ ਕਿਹਾ, ‘ਇਹ ਐੱਸਓਪੀਜ਼ ਦੇਸ਼ ਭਰ ਵਿਚ ਅੰਗ ਰਿਕਵਰੀ ਅਤੇ ਟਰਾਂਸਪਲਾਂਟ ਸੰਸਥਾਵਾਂ ਲਈ ਸਰਬੋਤਮ ਅਭਿਆਸਾਂ ਅਤੇ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਰੋਡਮੈਪ ਹਨ।’ ਅਸਲ ਵਿਚ ਜਦੋਂ ਅੰਗ ਦਾਨ ਕਰਨ ਵਾਲੇ ਅਤੇ ਅੰਗ ਪ੍ਰਾਪਤ ਕਰਨ ਵਾਲੇ ਦੋਵੇਂ ਇੱਕੋ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਜਾਂ ਵੱਖ-ਵੱਖ ਸ਼ਹਿਰਾਂ ਵਿਚ ਹੁੰਦੇ ਹਨ ਤਾਂ ਉਸ ਜੀਵਤ ਅੰਗਾਂ ਨੂੰ ਹਸਪਤਾਲਾਂ ਦੇ ਵਿਚਕਾਰ ਤੇ ਉਹ ਵੀ ਸਮੇਂ ਸਿਰ ਪਹੁੰਚਾਉਣ ਦੀ ਲੋੜ ਹੁੰਦੀ ਹੈ।

ਡਾ. ਅਨਿਲ ਕੁਮਾਰ ਡਾਇਰੈਕਟਰ, ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ (ਨੋਟੋ) ਨੇ ਕਿਹਾ ਕਿ ਜੀਵਤ ਅੰਗਾਂ ਦੀ ਢੋਆ-ਢੁਆਈ ਬਹੁਤ ਮਹੱਤਵਪੂਰਨ ਗਤੀਵਿਧੀ ਹੈ ਕਿਉਂਕਿ ਅੰਗ ਦੀ ਸੈਲਫ ਲਾਈਫ ਸੀਮਤ ਹੁੰਦੀ ਹੈ ਅਤੇ ਇਸ ਦੀ ਆਵਾਜਾਈ ਲਈ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਦੀ ਲੋੜ ਹੁੰਦੀ ਹੈ।

ਐੱਸਓਪੀ ’ਚ ਇਨ੍ਹਾਂ ਨੂੰ ਕੀਤਾ ਸ਼ਾਮਲ

– ਮਨੁੱਖੀ ਅੰਗਾਂ ਨੂੰ ਲੈ ਕੇ ਜਾਣ ਵਾਲੀਆਂ ਏਅਰਲਾਈਨਾਂ ਏਅਰਕ੍ਰਾਫਟ ਦੇ ਟੇਕਆਫ ਅਤੇ ਲੈਂਡਿੰਗ ਲਈ ਏਅਰ ਟ੍ਰੈਫਿਕ ਕੰਟਰੋਲ ਦੀ ਬੇਨਤੀ ਕਰ ਸਕਦੀਆਂ ਹਨ। ਉਹ ਅੰਗਾਂ ਦੀ ਢੋਆ-ਢੁਆਈ ਕਰਨ ਵਾਲੇ ਸਿਹਤ ਕਰਮਚਾਰੀਆਂ ਲਈ ਤਰਜੀਹੀ ਰਿਜ਼ਰਵੇਸ਼ਨ ਅਤੇ ਦੇਰੀ ਨਾਲ ਚੈੱਕ-ਇਨ ਦੀ ਵਿਵਸਥਾ ਲਈ ਵੀ ਬੇਨਤੀ ਕਰ ਸਕਦੇ ਹਨ ਜਿਸ ਹਵਾਈ ਅੱਡੇ ਤੋਂ ਅੰਗਾਂ ਨੂੰ ਲਿਜਾਇਆ ਜਾ ਰਿਹਾ ਹੈ, ਉਹ ਮੰਜ਼ਿਲ ਵਾਲੇ ਹਵਾਈ ਅੱਡੇ ਨਾਲ ਸੰਚਾਰ ਕਰੇਗਾ। ਹਵਾਈ ਜਹਾਜ਼ ਤੋਂ ਐਂਬੂਲੈਂਸ ਤੱਕ ਅੰਗ ਬਕਸੇ ਨੂੰ ਪਹੁੰਚਾਉਣ ਲਈ ਟਰਾਲੀ ਦਾ ਪ੍ਰਬੰਧ ਕਰਨਾ ਹੋਵੇਗਾ।

– ਸੜਕੀ ਆਵਾਜਾਈ ਲਈ ਵਿਸ਼ੇਸ਼ ਅਧਿਕਾਰੀਆਂ ਜਾਂ ਏਜੰਸੀਆਂ ਵੱਲੋਂ ਬੇਨਤੀ ਕੀਤੇ ਜਾਣ ‘ਤੇ ਗ੍ਰੀਨ ਕੋਰੀਡੋਰ ਪ੍ਰਦਾਨ ਕੀਤੇ ਜਾ ਸਕਦੇ ਹਨ। ਪੁਲਿਸ ਵਿਭਾਗ ਦਾ ਨੋਡਲ ਅਧਿਕਾਰੀ ਹਰੇਕ ਰਾਜ ਜਾਂ ਸ਼ਹਿਰ ਵਿਚ ਗ੍ਰੀਨ ਕੋਰੀਡੋਰ ਬਣਾਉਣ ਨਾਲ ਸਬੰਧਤ ਮੁੱਦਿਆਂ ਨੂੰ ਸੰਭਾਲ ਸਕਦਾ ਹੈ।

– ਮੈਟਰੋ ਵੱਲੋਂ ਅੰਗਾਂ ਦੀ ਆਵਾਜਾਈ ਲਈ ਮੈਟਰੋ ਟਰੈਫਿਕ ਕੰਟਰੋਲਰ ਨੂੰ ਮਨੁੱਖੀ ਅੰਗਾਂ ਦੀ ਆਵਾਜਾਈ ਨੂੰ ਪਹਿਲ ਦੇਣੀ ਪਵੇਗੀ। ਮੈਟਰੋ ਸੁਰੱਖਿਆ ਸਟਾਫ ਨੂੰ ਅੰਗ ਬਾਕਸ ਨੂੰ ਬੋਰਡਿੰਗ ਤੱਕ ਲਿਜਾਣ ਵਾਲੀ ਟੀਮ ਨੂੰ ਸੁਰੱਖਿਅਤ ਰੱਖਣਾ ਹੋਵੇਗਾ। ਮੈਟਰੋ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਸੁਰੱਖਿਆ ਜਾਂਚ ਵਿਚ ਕੋਈ ਦੇਰੀ ਨਾ ਹੋਵੇ। ਇਸੇ ਤਰ੍ਹਾਂ ਰੇਲ ਗੱਡੀਆਂ ਅਤੇ ਬੰਦਰਗਾਹਾਂ ਰਾਹੀਂ ਅੰਗਾਂ ਦੀ ਆਵਾਜਾਈ ਦੀ ਸਹੂਲਤ ਲਈ ਐੱਸਓਪੀਜ਼ ਜਾਰੀ ਕੀਤੇ ਗਏ ਹਨ।

– ਆਵਾਜਾਈ ਦੌਰਾਨ ਅੰਗ ਬਾਕਸ ਨੂੰ 90 ਡਿਗਰੀ ‘ਤੇ ਸਿੱਧਾ ਰੱਖਿਆ ਜਾਣਾ ਚਾਹੀਦਾ ਹੈ ਅਤੇ ਸੁਰੱਖਿਆ ਲਈ ਸੀਟ ਬੈਲਟ ਨਾਲ ਸੁਰੱਖਿਅਤ ਕਰਨਾ ਚਾਹੀਦਾ ਹੈ। ਅੰਗ ਬਕਸੇ ‘ਤੇ ‘ਹੈਂਡਲ ਵਿਦ ਕੇਅਰ’ ਦਾ ਸੰਦੇਸ਼ ਵੀ ਦੇਣਾ ਹੋਵੇਗਾ।

ਇਕ ਦਹਾਕੇ ’ਚ ਅੰਗ ਟਰਾਂਸਪਲਾਂਟ ’ਚ ਹੋਇਆ ਤਿੰਨ ਗੁਣਾ ਤੋਂ ਵੱਧ ਵਾਧਾ

– ਪਿਛਲੇ 10 ਸਾਲਾਂ ਵਿਚ ਦੇਸ਼ ਵਿਚ ਅੰਗ ਟਰਾਂਸਪਲਾਂਟ ਦੇ ਮਾਮਲੇ ਤਿੰਨ ਗੁਣਾ ਤੋਂ ਵੱਧ ਵਧੇ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ਕਿਡਨੀ ਟਰਾਂਸਪਲਾਂਟ ਦੇ ਹਨ। 2023 ਵਿਚ ਭਾਰਤ ਵਿਚ ਕੁੱਲ 18,378 ਅੰਗ ਟਰਾਂਸਪਲਾਂਟ ਕੀਤੇ ਗਏ ਸਨ ਜੋ ਕਿ ਵਿਸ਼ਵ ਵਿਚ ਤੀਜੇ ਸਭ ਤੋਂ ਵੱਧ ਹਨ। 2013 ਵਿਚ ਟਰਾਂਸਪਲਾਂਟ ਦੀ ਗਿਣਤੀ 4,990 ਦਰਜ ਕੀਤੀ ਗਈ ਸੀ। ਭਾਰਤ ਨੇ 2023 ਵਿਚ ਇਕ ਹੋਰ ਮੀਲ ਪੱਥਰ ਹਾਸਲ ਕੀਤਾ। ਇਕ ਸਾਲ ਵਿਚ ਪਹਿਲੀ ਵਾਰ 1,000 ਤੋਂ ਵੱਧ ਅੰਗ ਮਿ੍ਤਕ ਦਾਨੀਆਂ ਦੇ ਸਨ ਜੋ ਮਿ੍ਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ ਸਨ। 2023 ਵਿਚ ਕਿਡਨੀ ਟਰਾਂਸਪਲਾਂਟ ਦੀ ਗਿਣਤੀ 13,426 ਸੀ ਜਦੋਂ ਕਿ ਲਿਵਰ ਟਰਾਂਸਪਲਾਂਟ ਦੇ 4,491, ਦਿਲ ਦੇ ਟਰਾਂਸਪਲਾਂਟ ਦੇ 221, ਫੇਫੜਿਆਂ ਦੇ ਦੇ 197 ਸਨ। 2023 ਵਿਚ ਜੀਵਤ ਦਾਨ ਕਰਨ ਵਾਲਿਆਂ ਵਿਚ ਔਰਤਾਂ (9,784) ਦੀ ਗਿਣਤੀ ਪੁਰਸ਼ਾਂ (5,651) ਨਾਲੋਂ ਲਗਪਗ ਦੁੱਗਣੀ ਸੀ। ਹਾਲਾਂਕਿ ਮਿ੍ਤਕ ਅੰਗ ਦਾਨ ਕਰਨ ਵਾਲਿਆਂ ਵਿਚ ਪੁਰਸ਼ਾਂ ਦੀ ਗਿਣਤੀ 844 ਸੀ ਜਦੋਂ ਕਿ ਔਰਤਾਂ ਦੀ ਗਿਣਤੀ 255 ਸੀ। 2023 ਵਿਚ ਜੀਵਤ ਅੰਗ ਦਾਨ ਕਰਨ ਵਾਲਿਆਂ ਦੀ ਕੁੱਲ ਗਿਣਤੀ 15,436 ਸੀ ਜਦੋਂ ਕਿ ਮਿ੍ਤਕ ਦਾਨੀਆਂ ਦੀ ਗਿਣਤੀ 1,099 ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।